
ਨੂਰਪੁਰਬੇਦੀ, 16 ਅਕਤੂਬਰ : ਮਾਨਯੋਗ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਗੁਲਨੀਤ ਸਿੰਘ ਖੁਰਾਨਾ ਆਈ.ਪੀ.ਐਸ ਦੇ ਸਪਸ਼ਟ ਹੁਕਮਾਂ ਅਤੇ ਉਪ ਕਪਤਾਨ ਪੁਲਿਸ ਜਸ਼ਨਦੀਪ ਸਿੰਘ ਮਾਨ (ਸਬ ਡਵੀਜਨ ਸ਼੍ਰੀ ਅਨੰਦਪੁਰ ਸਾਹਿਬ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਤਿਉਹਾਰਾਂ ਦੇ ਮੌਕੇ ਨਸ਼ਾ ਤਸਕਰਾਂ ਖਿਲਾਫ਼ ਚਲਾਈ ਜਾ ਰਹੀ ਖਾਸ ਮੁਹਿੰਮ ਤਹਿਤ ਨੂਰਪੁਰ ਬੇਦੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਟਰੱਕ ਤੋਂ 19 ਕਿਲੋ 600 ਗ੍ਰਾਮ ਡੋਡਾ ਚੂਰਾਪੋਸਤ ਬਰਾਮਦ ਕਰਕੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧ ਵਿਚ ਮੁੱਖ ਅਫਸਰ ਥਾਣਾ ਨੂਰਪੁਰਬੇਦੀ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਇਸ ਮੁਹਿਮ ਦੇ ਮੱਦੇਨਜ਼ਰ ਕਈ ਪੁਲਿਸ ਟੀਮਾਂ ਵੱਖ-ਵੱਖ ਥਾਵਾਂ ’ਤੇ ਗਸ਼ਤ, ਨਾਕਾਬੰਦੀ ਅਤੇ ਚੈਕਿੰਗ ਲਈ ਤਾਇਨਾਤ ਕੀਤੀਆਂ ਗਈਆਂ ਸਨ। ਮਿਤੀ 14 ਅਕਤੂਬਰ 2025 ਨੂੰ ਇੰਸਪੈਕਟਰ ਬਲਵੀਰ ਚੰਦ ਆਪਣੀ ਪੁਲਿਸ ਟੀਮ ਸਮੇਤ ਟੀ ਪੁਆਇੰਟ ਆਜਮਪੁਰ ਨੇੜੇ ਕੋਲਾ ਭੱਠੀਆਂ ਨਜ਼ਦੀਕ ਮੌਜੂਦ ਸੀ। ਇਸ ਦੌਰਾਨ ਬੂੰਗਾ ਸਾਹਿਬ ਪਾਸੇ ਤੋਂ ਇੱਕ ਟਰੱਕ ਨੰਬਰ ਪੀਬੀ-12 ਵਾਈ-7482 (ਮਾਰਕਾ ਟਾਟਾ) ਆਉਂਦਾ ਦਿਖਾਈ ਦਿੱਤਾ। ਸ਼ੱਕ ਦੇ ਅਧਾਰ ’ਤੇ ਪੁਲਿਸ ਵੱਲੋਂ ਟਰੱਕ ਨੂੰ ਰੋਕ ਕੇ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਟਰੱਕ ਵਿੱਚੋਂ ਕੁੱਲ 19 ਕਿਲੋ 600 ਗ੍ਰਾਮ ਡੋਡਾ ਚੂਰਾਪੋਸਤ ਬਰਾਮਦ ਹੋਇਆ। ਪੁਲਿਸ ਨੇ ਟਰੱਕ ਦੇ ਚਾਲਕ ਸ਼ਰਨਜੀਤ ਸਿੰਘ ਪੁੱਤਰ ਭਜਨ ਸਿੰਘ ਨਿਵਾਸੀ ਪਿੰਡ ਝਿੰਜੜੀ (ਥਾਣਾ ਨੂਰਪੁਰ ਬੇਦੀ, ਜ਼ਿਲ੍ਹਾ ਰੂਪਨਗਰ) ਨੂੰ ਕਾਬੂ ਕਰ ਲਿਆ। ਪੁਲਿਸ ਨੇ ਉਸ ਖ਼ਿਲਾਫ਼ ਐਨ.ਡੀ.ਪੀ.ਐਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਟਰੱਕ ਸਮੇਤ ਨਸ਼ੀਲਾ ਸਮੱਗਰੀ ਜ਼ਬਤ ਕਰ ਲਈ। ਪੁਲਿਸ ਵਲੋਂ ਦੱਸਿਆ ਗਿਆ ਕਿ ਦੋਸ਼ੀ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇੰਸਪੈਕਟਰ ਸੁਨੀਲ ਕੁਮਾਰ ਨੇ ਕਿਹਾ ਕਿ ਤਿਉਹਾਰਾਂ ਦੇ ਦੌਰਾਨ ਨਸ਼ੇ ਦੀ ਤਸਕਰੀ ’ਤੇ ਸਖ਼ਤ ਨਿਗਰਾਨੀ ਜਾਰੀ ਰਹੇਗੀ ਅਤੇ ਕਿਸੇ ਵੀ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਨੂਰਪੁਰਬੇਦੀ ਪੁਲਿਸ ਦਾ ਉਦੇਸ਼ ਖੇਤਰ ਨੂੰ ਨਸ਼ਾ ਰਹਿਤ ਬਣਾਉਣਾ ਹੈ ਅਤੇ ਇਸ ਮੁਹਿੰਮ ਤਹਿਤ ਹੋਰ ਵੀ ਕਾਰਵਾਈਆਂ ਅਗਲੇ ਦਿਨਾਂ ਵਿਚ ਕੀਤੀਆਂ ਜਾਣਗੀਆਂ।



