ਟਰੈਵਲ ਏਜੰਟ ਬ੍ਰਜੇਸ਼ ਮਿਸ਼ਰਾ ਰਿਮਾਂਡ ਖਤਮ ਹੋਣ ਮਗਰੋਂ ਇਕ ਹੋਰ ਮਾਮਲੇ ’ਚ ਗ੍ਰਿਫ਼ਤਾਰ, ਚਲਾਉਂਦਾ ਸੀ ਵੱਡਾ ਧੋਖਾਧੜੀ ਰੈਕੇਟ

ਜਲੰਧਰ, 2 ਜੁਲਾਈ : ਕੁਝ ਦਿਨ ਪਹਿਲਾਂ ਕੈਨੇਡਾ ਤੋਂ ਵਾਪਸ ਦਿੱਲੀ ਹਵਾਈ ਅੱਡੇ ’ਤੇ ਪਹੁੰਚੇ ਟਰੈਵਲ ਏਜਟ ਬ੍ਰਜੇਸ਼ ਮਿਸ਼ਰਾ ਨੂੰ ਥਾਣਾ ਨੰਬਰ ਛੇ ਦੀ ਪੁਲਿਸ ਨੇ ਐੱਲਓਸੀ ਜਾਰੀ ਹੋਣ ਕਾਰਨ ਗ੍ਰਿਫਤਾਰ ਕਰ ਲਿਆ ਸੀ ਜਿਸ ਨੂੰ ਅਦਾਲਤ ’ਚੋਂ ਪੁਲਿਸ ਰਿਮਾਂਡ ’ਤੇ ਲਿਆ ਗਿਆ ਸੀ। ਉਸ ਦਾ ਰਿਮਾਂਡ ਖਤਮ ਹੋਣ ’ਤੇ ਥਾਣਾ 6 ਪੁਲਿਸ ਨੇ ਉਸ ਨੂੰ ਇਕ ਹੋਰ ਮਾਮਲੇ ’ਚ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਵੱਡਾ ਧੋਖਾਧੜੀ ਰੈਕੇਟ ਚਲਾ ਰਿਹਾ ਸੀ। ਉਸ ਨੂੰ ਕੈਨੇਡਾ ਤੋਂ ਵਾਪਸ ਆਉਂਦੇ ਹੀ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਜਾਰੀ ਕੀਤੇ ਗਏ ਲੁੱਕਆਊਟ ਸਰਕੂਲਰ ਤੋਂ ਬਾਅਦ 23 ਜੂਨ ਨੂੰ ਦਿੱਲੀ ਹਵਾਈ ਅੱਡੇ ’ਤੇ ਹਿਰਾਸਤ ’ਚ ਲੈ ਲਿਆ ਗਿਆ ਸੀ। ਬਾਅਦ ’ਚ ਥਾਣਾ 6 ਪੁਲਿਸ ਨੇ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਤੇ ਉਸ ਨੂੰ ਸੱਤ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਉਸ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ 6 ’ਚ ਹੀ ਨੌਂ ਐੱਫਆਈਆਰ ਦਰਜ ਹਨ। ਅਜਿਹੀ ਸਥਿਤੀ ’ਚ ਉਸ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਥਾਣਾ 6 ਪੁਲਿਸ ਨੇ ਉਸ ਨੂੰ ਇਕ ਹੋਰ ਮਾਮਲੇ ’ਚ ਦੁਬਾਰਾ ਗ੍ਰਿਫ਼ਤਾਰ ਕੀਤਾ ਤੇ ਉਸ ਨੂੰ ਪੁੱਛਗਿੱਛ ਲਈ ਲਿਆਂਦਾ। ਹੁਣ ਤੱਕ ਪੁਲਿਸ ਜਾਂਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਮਿਸ਼ਰਾ ਨੇ ਨਾ ਸਿਰਫ਼ ਪੰਜਾਬ ’ਚ ਸਗੋਂ ਦੇਸ਼ ਦੇ ਹੋਰ ਰਾਜਾਂ ’ਚ ਵੀ ਨੌਜਵਾਨਾਂ ਨੂੰ ਜਾਅਲੀ ਆਫਰ ਲੈਟਰ ਤੇ ਵੀਜ਼ਾ ਪ੍ਰੋਸੈਸਿੰਗ ਦੇ ਨਾਂ ‘ਤੇ ਧੋਖਾ ਦਿੱਤਾ ਹੈ। ਪੁਲਿਸ ਦਾ ਅੰਦਾਜ਼ਾ ਹੈ ਕਿ ਸ਼ਿਕਾਇਤਾਂ ਦੀ ਗਿਣਤੀ 1000 ਤੋਂ ਵੱਧ ਹੋ ਸਕਦੀ ਹੈ। ਮਿਸ਼ਰਾ ਦਾ ਨੈੱਟਵਰਕ ਬਿਹਾਰ, ਉੱਤਰ ਪ੍ਰਦੇਸ਼, ਹਰਿਆਣਾ ਤੇ ਦਿੱਲੀ ’ਚ ਫੈਲਿਆ ਹੋਇਆ ਸੀ। 17 ਮਾਰਚ, 2023 ਨੂੰ ਜਗਰਾਜ ਸਿੰਘ ਨਾਮ ਦੇ ਇਕ ਵਿਅਕਤੀ ਨੇ ਡਿਵੀਜ਼ਨ ਨੰਬਰ 6 ’ਚ ਸ਼ਿਕਾਇਤ ਕੀਤੀ ਸੀ ਕਿ ਮਿਸ਼ਰਾ ਨੇ ਉਸ ਦੀ ਧੀ ਸਿਮਰਤ ਕੌਰ ਨੂੰ ਕੈਨੇਡਾ ਭੇਜਣ ਦੇ ਨਾਮ ‘ਤੇ 17 ਲੱਖ ਰੁਪਏ ਲਏ ਸਨ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਬ੍ਰਿਜੇਸ਼ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਏਸੀਪੀ ਰੂਪਦੀਪ ਕੌਰ ਤੇ ਐੱਸਐੱਚਓ ਅਜਾਇਬ ਸਿੰਘ ਔਜਲਾ ਦੀ ਨਿਗਰਾਨੀ ਹੇਠ ਜਾਂਚ ਚੱਲ ਰਹੀ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮਿਸ਼ਰਾ ਨਾਲ ਹੋਰ ਕੌਣ-ਕੌਣ ਸ਼ਾਮਲ ਸੀ।



