
ਮੰਡੀ ਗੋਬਿੰਦਗੜ੍ਹ, 9 ਫਰਵਰੀ- ਪਿੰਡ ਅਜਨਾਲੀ ਵਿਖੇ ਇਕ ਟਰੈਕਟਰ ਹੇਠ ਆ ਕੇ ਇਕ ਸਾਲਾ ਬੱਚੇ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਧਿਕਾ ਪਤਨੀ ਮਰਹੂਮ ਜਤਿੰਦਰ ਸਾਹਨੀ ਨੇ ਦੱਸਿਆ ਕਿ ਉਹ ਆਪਣੇ ਇਕ ਸਾਲ ਦੇ ਬੱਚੇ ਕੇਕੇ ਸਾਹਨੀ ਨਾਲ ਨੇੜਲੀ ਦੁਕਾਨ ਤੋਂ ਸੌਦਾ ਲੈਣ ਗਈ ਸੀ। ਜਦੋਂ ਉਹ ਦੁਕਾਨ ਤੋਂ ਸੌਦਾ ਲੈ ਕੇ ਆ ਰਹੀ ਸੀ ਤਾਂ ਉਸ ਨੇ ਆਪਣੇ ਬੱਚੇ ਨੂੰ ਗੋਦੀ ’ਚੋਂ ਉਤਾਰ ਕੇ ਥੱਲੇ ਬਿਠਾ ਦਿੱਤਾ, ਜੋ ਰਿੜ੍ਹ ਕੇ ਸੜਕ ’ਤੇ ਚਲਾ ਗਿਆ। ਇਸ ਦੌਰਾਨ ਦੂਜੇ ਪਾਸਿਓਂ ਆ ਰਹੇ ਟਰੈਕਟਰ ਦੀ ਲਪੇਟ ’ਚ ਆ ਕੇ ਬੱਚੇ ਦੀ ਮੌਤ ਹੋ ਗਈ। ਟਰੈਕਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਬੱਚੇ ਦੀ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



