Punjab

ਝੋਨੇ ਨੂੰ ਪਏ ਹਲਦੀ ਰੋਗ ਨੇ ਕਿਸਾਨਾਂ ਦੇ ਚਿਹਰਿਆਂ ’ਤੇ ਲਿਆਂਦੀ ਪਲੱਤਣ

ਝੋਨੇ ਦਾ ਝਾੜ ਹੋਵੇਗਾ ਵੱਡੀ ਪੱਧਰ ’ਤੇ ਪ੍ਰਭਾਵਿਤ

ਬਠਿੰਡਾ, 22 ਸਤੰਬਰ : ਝੋਨੇ ਦੀ ਫ਼ਸਲ ਨੂੰ ਹੁਣ ਹਲਦੀ ਰੋਗ ਨੇ ਘੇਰਾ ਪਾ ਲਿਆ ਹੈ। ਆਲਮ ਇਹ ਹੈ ਕਿ ਝੋਨੇ ਦੇ ਖੇਤ ਹਲਦੀ ਰੰਗੇ ਹੋ ਰਹੇ ਹਨ। ਵੱਡੇ ਪੱਧਰ ’ਤੇ ਫੈਲ ਰਹੇ ਹਲਦੀ ਰੋਗ ਨੇ ਕਿਸਾਨਾਂ ਦੇ ਚਿਹਰਿਆਂ ’ਤੇ ਪਲੱਤਣ ਲਿਆ ਦਿੱਤੀ ਹੈ। ਇੱਥੋਂ ਤੱਕ ਕਿ ਸਪਰੇਆਂ ਵੀ ਇਸ ਰੋਗ ’ਤੇ ਬਹੁਤਾ ਅਸਰ ਨਹੀਂ ਕਰ ਰਹੀਆਂ, ਜਿਸ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਹਨ। ਕਿਸਾਨਾਂ ਨੇ ਹਾੲਬ੍ਰਿਡ ਝੋਨੇ ’ਤੇ ਪਾਬੰਦੀ ਲਗਾਉਣ ਨੂੰ ਲੈ ਕਿਹਾ ਕਿ ਇਹ ਸਰਕਾਰ ਕਿਸਾਨਾਂ ਲਈ ਨਿਕੰਮੀ ਸਾਬਤ ਹੋ ਰਹੀ ਹੈ ਕਿਉਂਕਿ ਜਿਹੜੇ ਝੋਨੇ ਦੀਆਂ ਕਿਸਮਾਂ ’ਤੇ ਹਲਦੀ ਰੋਗ ਦਾ ਹਮਲਾ ਘੱਟ ਹੁੰਦਾ ਸੀ, ਉਸ ’ਤੇ ਸਰਕਾਰ ਨੇ ਪਾਬੰਦੀ ਲਗਾ ਕੇ ਕਿਸਾਨਾਂ ਦਾ ਗਲਾ ਘੁੱਟਣ ਦਾ ਕੰਮ ਕੀਤਾ ਹੈ। ਜਾਣਕਾਰੀ ਅਨੁਸਾਰ ਇਸ ਵਾਰ ਝੋਨੇ ਦੀ ਫ਼ਸਲ ਕਿਸਾਨੀ ’ਤੇ ਭਾਰੂ ਪੈਂਦੀ ਨਜ਼ਰ ਆ ਹੈ। ਪਹਿਲਾਂ ਸੂਬੇ ’ਚ ਹੜ੍ਹਾਂ ਦਾ ਕਹਿਰ ਤੇ ਹੁਣ ਝੋਨੇ ਦੀ ਫ਼ਸਲ ਨੂੰ ਪਏ ਹਲਦੀ ਰੋਗ ਨੇ ਕਿਸਾਨਾਂ ਨੂੰ ਚਿੰਤਾ ’ਚ ਪਾ ਕੇ ਰੱਖ ਦਿੱਤਾ ਹੈ। ਹਲਦੀ ਰੋਗ ਕਾਰਨ ਝੋਨੇ ਦੀ ਬੱਲੀ ’ਤੇ ਡੋਡੀ ਫੈਲ ਰਹੀ ਹੈ ਤੇ ਇਹ ਚੌਲ ਨੂੰ ਖ਼ਰਾਬ ਕਰ ਰਹੀ ਹੈ। ਝੋਨੇ ’ਚ ਪਏ ਇਸ ਰੋਗ ਨੇ ਬੱਲੀਆਂ ਨੂੰ ਖ਼ਰਾਬ ਕਰ ਦਿੱਤਾ ਹੈ ਤੇ ਬੱਲੀ ਵਿਚ ਕੁਝ ਦਾਣੇ ਹੀ ਸਾਬਤ ਬਚੇ ਹਨ, ਬਾਕੀ ਸਾਰੇ ਕਾਲੇ ਹੋ ਗਏ ਹਨ। ਝੋਨੇ ਦੀ ਫ਼ਸਲ ਨੂੰ ਪਏ ਹਲਦੀ ਰੋਗ ਦਾ ਸਾਹਮਣਾ ਪੰਜਾਬ ਦੇ ਕਿਸਾਨਾਂ ਨੂੰ ਕਰਨਾ ਪੈ ਰਿਹਾ ਹੈ। ਇੱਥੋਂ ਤੱਕ ਕਿ ਸੋਸ਼ਲ ਮੀਡੀਆ ’ਤੇ ਵੀ ਹਲਦੀ ਰੋਗ ਨੂੰ ਲੈ ਕੇ ਕਿਸਾਨਾਂ ਵੱਲੋਂ ਇਸ ਦੀ ਰੋਕਥਾਮ ਲਈ ਸੁਝਾਅ ਮੰਗੇ ਜਾ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਕਾਫ਼ੀ ਸਪੇਰਆਂ ਦਾ ਛਿੜਕਾਅ ਕਰ ਲਿਆ ਪਰ ਹਲਦੀ ਰੋਗ ਦਾ ਤੋੜ ਨਹੀਂ ਲੱਭ ਰਿਹਾ। ਪਿੰਡ ਨਰੂਆਣਾ ਦੇ ਕਿਸਾਨ ਕੁਲਦੀਪ ਸਿੰਘ ਢਿੱਲੋਂ ਤੇ ਅਮਰੀਕ ਸਿੰਘ ਨੇ ਦੱਸਿਆ ਕਿ ਭਾਵੇਂ ਕਿ ਝੋਨੇ ਦੀ ਹਰੇਕ ਵਰਾਇਟੀ ’ਤੇ ਹਲਦੀ ਰੋਗ ਦਾ ਅਸਰ ਹੋ ਰਿਹਾ ਹੈ ਪਰ ਪੀਆਰ 126 ਇਸ ਦੀ ਜ਼ਿਆਦਾ ਲਪੇਟ ’ਚ ਆ ਰਹੀ ਹੈ। ਉਨ੍ਹਾਂ ਕਿਹਾ ਕਿ ਹਲਦੀ ਰੋਗ ਕਾਰਨ ਬੱਲੀਆਂ ’ਤੇ ਡੋਡੀਆਂ ਲੱਗ ਰਹੀਆਂ ਜੋ ਦਾਣਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਝੋਨੇ ਦੇ ਝਾੜ ’ਤੇ ਵੱਡੀ ਪੱਧਰ ’ਤੇ ਅਸਰ ਪਵੇਗਾ ਅਤੇ ਕਿਸਾਨਾਂ ਨੂੰ ਇਸ ਦੀ ਮਾਰ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਇਸ ਰੋਗ ਕਾਰਨ ਝੋਨੇ ਦੀ ਖਰੀਦ ਮੌਕੇ ਵੀ ਦਿੱਕਤ ਖੜ੍ਹੀ ਹੋ ਸਕਦੀ ਹੈ। ਇਸ ਲਈ ਸਰਕਾਰ ਅੱਗੇ ਅਪੀਲ ਹੈ ਕਿ ਰੋਗ ਕੁਦਰਤੀ ਹੈ, ਇਸ ਲਈ ਖਰੀਦ ਵਿਚ ਢਿੱਲ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਨੇ ਇਸ ਵਾਰ ਹਾਈਬ੍ਰਿਡ ਝੋਨੇ ’ਤੇ ਪਾਬੰਦੀ ਲਗਾਈ ਹੈ, ਉਸ ’ਤੇ ਹਲਦੀ ਰੋਗ ਦਾ ਹਮਲਾ ਬਹੁਤ ਘੱਟ ਹੁੰਦਾ ਸੀ, ਹਲਦੀ ਰੋਗ ’ਤੇ ਸਪਰੇਅ ਵੀ ਕੋਈ ਬਹੁਤ ਅਸਰ ਨਹੀਂ ਕਰਦੀ, ਪ੍ਰੰਤੂ ਕੀਟਨਾਸ਼ਕ ਕੰਪਨੀਆਂ ਨੇ ਕਿਸਾਨਾਂ ਨੂੰ ਹਲਦੀ ਰੋਗ ਦੀ ਰੋਕਥਾਮ ਦੇ ਨਾਂ ’ਤੇ ਧੜੱਲੇ ਨਾਲ ਸਪਰੇਆਂ ਵੇਚ ਕੇ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ।

ਖੇਤਾਂ ’ਚ ਦੁਪਹਿਰ ਸਮੇਂ ਹਲਦੀ ਰੰਗ ਨਾਲ ਰੰਗੇ ਝੋਨੇ

ਹਲਦੀ ਰੰਗ ਰੋਗ ਨੇ ਝੋਨੇ ਨੂੰ ਇਸ ਕਦਰ ਆਪਣੀ ਲਪੇਟ ’ਚ ਲਿਆ ਹੋਇਆ ਹੈ ਕਿ ਦੁਪਹਿਰ ਸਮੇਂ ਖੇਤਾਂ ’ਚ ਹਲਦੀ ਰੰਗੇ ਹੀ ਝੋਨੇ ਨਜ਼ਰ ਆਉਦੇ ਨੇ। ਦਰਅਸਲ ਜਿਸ ਸਮੇਂ ਮੀਂਹ ਪੈ ਰਿਹਾ ਸੀ, ਉਸ ਸਮੇਂ ਅਗੇਤਾ ਝੋਨਾ ਨਿਸਰਿਆ ਹੋਇਆ ਸੀ ਪ੍ਰੰਤੂ ਮੀਂਹ ’ਚ ਕਿਸਾਨਾਂ ਵੱਲੋਂ ਝੋਨੇ ’ਤੇ ਸਪਰੇਅ ਨਹੀਂ ਕੀਤੀ ਸਕੀ, ਜਿਸ ਕਾਰਨ ਹਲਦੀ ਰੰਗ ਨੇ ਝੋਨੇ ਨੂੰ ਪੂਰੀ ਤਰ੍ਹਾਂ ਝਕੜ ’ਚ ਲੈ ਲਿਆ, ਹੁਣ ਹਲਦੀ ਰੋਗ ਇਸ ਤਰ੍ਹਾਂ ਫੈਲ ਚੁੱਕਿਆ ਹੈ ਕਿ ਇਸ ਦਾ ਕੋਈ ਹੱਲ ਨਹੀਂ ਹੈ।

ਨਵਾਂ ਨਹੀਂ ਪੁਰਾਣਾ ਹੈ ਹਲਦੀ ਰੋਗ : ਡਾ. ਜਗਦੀਸ਼ ਸਿੰਘ

ਇਸ ਸਬੰਧੀ ਜਦੋਂ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ.ਜਗਦੀਸ਼ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਦੋ ਝੋਨਾ ਨਸਾਰੇ ’ਤੇ ਹੁੰਦਾ ਹੈ ਤੇ ਸਿੱਲ੍ਹ ’ਚ ਥੋੜ੍ਹਾ ਬਹੁਤ ਹਲਦੀ ਰੋਗ ਪੈ ਸਕਦਾ ਹੈ, ਇਹ ਰੋਗ ਨਵਾਂ ਨਹੀਂ ਸਗੋਂ ਪੁਰਾਣਾ ਹੈ। ਉਨ੍ਹਾਂ ਦੱਸਿਆ ਕਿ ਇਸ ਰੋਗ ਦੇ ਕਾਰਨ ਜ਼ਿਆਦਾ ਸਿਲ੍ਹ ਤੇ ਖੇਤ ’ਚ ਜ਼ਿਆਦਾ ਯੂਰੀਆ ਖਾਦ ਪਾਉਣ ਕਾਰਨ ਹੁੰਦਾ ਹੈ, ਬਾਕੀ ਹਮਲੇ ਵਾਲੀ ਕੋਈ ਗੱਲ ਨਹੀਂ, ਇਸ ਨਾਲ ਕਿਸਾਨ ਦਾ ਬਹੁਤਾ ਆਰਥਿਕ ਨੁਕਸਾਨ ਨਹੀਂ ਹੋਵੇਗਾ, ਇਹ 200 ਦਾਣਿਆਂ ਪਿੱਛੇ ਸਿਰਫ਼ ਇਕ ਦੋ ਦਾਣੇ ਹੀ ਇਸ ਰੋਗ ਨਾਲ ਖ਼ਰਾਬ ਹੋਏ ਹਨ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਇਸ ਬਿਮਾਰੀ ਦੇ ਚੱਲਦਿਆਂ ਖੇਤ ’ਚ ਫਸਲ ਦੀ ਜ਼ਰੂਰਤ ਅਨੁਸਾਰ ਪਾਣੀ ਲਗਾਉਣਾ ਜ਼ਰੂਰ ਹੈ ਪ੍ਰੰਤੂ ਜ਼ਮੀਨ ’ਚ ਪਾਣੀ ਖੜ੍ਹਾ ਨਹੀਂ ਹੋਣ ਦੇਣਾ। ਜਿਸ ਸਮੇਂ ਹਲਦੀ ਰੋਗ ਬਣ ਜਾਂਦਾ ਹੈ, ਉਸ ਸਮੇਂ ਇਸ ’ਤੇ ਕੋਈ ਸਪਰੇਅ ਕੰਮ ਨਹੀਂ ਕਰਨੀ ਚਾਹੀਦੀ, ਇਸ ਲਈ ਬੇਲੋੜੀਆਂ ਸਪੇਰਆਂ ਨਾ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਇਸ ਰੋਗ ਤੋਂ ਪ੍ਰਭਾਵਿਤ ਝੋਨੇ ਨੂੰ ਧੁੱਪ ਚੜ੍ਹਨ ’ਤੇ ਕਿਸਾਨ ਕੱਟਣ, ਜ਼ਿਆਦਾ ਸਵੇਰੇ ਜਾ ਸ਼ਾਮ ਨੂੰ ਝੋਨਾ ਨਾ ਕੱਟਿਆ ਜਾਵੇ।

Related Articles

Leave a Reply

Your email address will not be published. Required fields are marked *

Back to top button