ਝੋਨੇ ਦੀ ਫ਼ਸਲ ’ਤੇ ਚਾਈਨਾ ਰੋਗ ਦੇ ਹਮਲੇ ਨੇ ਉਡਾਏ ਕਿਸਾਨਾਂ ਦੇ ਹੋਸ਼, ਮਾਹਿਰਾਂ ਨੇ ਝੋਨੇ ਦੇ ਬੌਣੇ ਬੂਟਿਆਂ ਦੀ ਸਮੱਸਿਆ ਪ੍ਰਤੀ ਚੌਕਸ ਰਹਿਣ ਦੀ ਦਿੱਤੀ ਸਲਾਹ

ਕਲਾਨੌਰ, 20 ਜੁਲਾਈ : ਝੋਨੇ ਦੀ ਖੇਤੀ ਵਿੱਚ ਮੋਹਰੀ ਮੰਨੇ ਜਾਣ ਵਾਲੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਜਿੱਥੇ ਇਸ ਵਾਰ 1 ਲੱਖ 72 ਹੈਕਟੇਅਰ ਵਿੱਚ ਝੋਨੇ ਦੀ ਬਿਜਾਈ ਹੇਠ ਰਕਬਾ ਲਿਆਂਦਾ ਗਿਆ ਹੈ ਜਦਕਿ ਕਿਸਾਨਾਂ ਵੱਲੋਂ ਬਿਜਾਈ ਕੀਤੀ ਗਈ ਝੋਨੇ ਦੀ ਫ਼ਸਲ ਵਿੱਚ ਝੋਨੇ ਦੇ ਬੂਟੇ ਬੌਣੇ ਰਹਿਣ ਕਾਰਨ ਕਿਸਾਨਾਂ ਨੂੰ ਚਾਈਨਾ ਵਾਇਰਸ ਦਾ ਪ੍ਰਕੋਪ ਸਤਾਉਣ ਲੱਗਾ ਹੈ। ਦੱਸਣਯੋਗ ਹੈ ਕਿ ਚਾਈਨਾ ਵਾਇਰਸ (ਝੋਨੇ ਦੇ ਬੌਣੇ ਰਹਿਣ) ਦੇ ਰੋਗ 2022 ਦੌਰਾਨ ਪੰਜਾਬ ਵਿੱਚ ਪਹਿਲੀ ਵਾਰ ਦੇਖਿਆ ਗਿਆ ਸੀ ਅਤੇ ਪੰਜਾਬ ਵਿੱਚ ਇਸ ਰੋਗ ਨਾਲ ਤਕਰੀਬਨ 34 ਹਜ਼ਾਰ ਹੈਕਟੇਅਰ ਰਕਬਾ ਪ੍ਰਭਾਵਿਤ ਹੋਇਆ ਸੀ। ਬਿਜਾਈ ਕੀਤੇ ਗਏ ਝੋਨੇ ਦੀ ਫਸਲ ਵਿੱਚ ਝੋਨੇ ਦੇ ਬੌਣੇ ਬੂਟੇ ਰਹਿਣ ਸਬੰਧੀ ਕਿਸਾਨ ਮੰਗਲਜੀਤ ਸਿੰਘ, ਗੁਰਨਾਮ ਸਿੰਘ, ਕੁਲਵੰਤ ਸਿੰਘ, ਬਲਦੇਵ ਸਿੰਘ, ਨਿਰਮਲ ਸਿੰਘ ਨੇ ਦੱਸਿਆ ਕਿ ਜਿੱਥੇ ਪਿਛਲੇ ਸਮੇਂ ਦੌਰਾਨ ਉਨ੍ਹਾਂ ਵੱਲੋਂ ਕਾਸ਼ਤ ਕੀਤੀ ਪਰਮਲ 121 ਚਾਈਨਾ ਵਾਇਰਸ ਦੇ ਰੋਗ ਕਾਰਨ ਫਸਲ ਤੇ ਬੂਟੇ ਛੋਟੇ ਰਹਿ ਗਏ ਸਨ ਅਤੇ ਉਨ੍ਹਾਂ ਦੀ ਫਸਲ ਦਾ ਝਾੜ ਘੱਟ ਨਿਕਲਿਆ ਸੀ, ਉਥੇ ਇਸ ਵਾਰ ਫਿਰ ਕਈ ਖੇਤਾਂ ਵਿੱਚ ਝੋਨੇ ਦੇ ਬੂਟੇ ਬੌਣੇ ਰਹਿ ਗਏ ਹਨ। ਝੋਨੇ ਦੀ ਫਸਲ ਤੇ ਬੌਣੇ ਰੋਗ ਸਾਹਮਣੇ ਆਉਣ ’ਤੇ ਖੇਤੀਬਾੜੀ ਵਿਭਾਗ ਪੂਰੀ ਤਰ੍ਹਾਂ ਮੁਸਤੈਦ ਹੋ ਗਿਆ ਹੈ। ਇਸ ਸਬੰਧੀ ਜ਼ਿਲ੍ਹਾ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਨੇ ਕਿਹਾ ਕਿ ਝੋਨੇ ਦੇ ਬੌਣੇ ਬੂਟਿਆਂ ਦੀ ਸਮੱਸਿਆ ਪ੍ਰਤੀ ਕਿਸਾਨ ਚੌਕਸ ਰਹਿਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਕਈ ਪਿੰਡਾਂ ਤੋਂ ਕਿਸਾਨਾਂ ਦੇ ਫੋਨ ਆ ਰਹੇ ਹਨ ਕਿ ਝੋਨੇ ਦੀ ਫ਼ਸਲ ਵਿਚ ਕੁਝ ਬੂਟੇ ਛੋਟੇ ਰਹਿ ਰਹੇ ਹਨ ਅਤੇ ਬੂਟਿਆਂ ਦਾ ਮਧਰਾ ਰਹਿ ਜਾਣਾ ਝੋਨੇ ਦਾ ਨਵਾਂ ਵਿਸ਼ਾਣੂੰ ਰੋਗ ਹੈ ਅਤੇ ਜੋ ਕਿ ਝੋਨੇ ਦੇ ਚਿੱਟੀ ਪਿੱਠ ਵਾਲੇ ਟਿੱਡੇ ਰਾਹੀਂ ਪ੍ਰਭਾਵਿਤ ਬੂਟੇ ਤੋਂ ਸਿਹਤਮੰਦ ਬੂਟੇ ਤੱਕ ਫੈਲ਼ਦਾ ਹੈ ਅਤੇ ਇਹ ਵਿਸ਼ਾਣੂੰ ਝੋਨੇ ਦੀਆਂ ਸਾਰੀਆਂ ਕਿਸਮਾਂ ਉੱਤੇ ਹਮਲਾ ਕਰ ਸਕਦਾ ਹੈ। ਇਸ ਰੋਗ ਨਾਲ ਪ੍ਰਭਾਵਿਤ ਬੂਟੇ ਮਧਰੇ, ਉਨ੍ਹਾਂ ਦੇ ਪੱਤੇ ਨੋਕਦਾਰ ਅਤੇ ਜੜ੍ਹਾਂ ਘੱਟ ਡੂੰਘੀਆਂ ਰਹਿ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਵਿਚ ਇਸ ਸੰਭਾਵਿਤ ਬਿਮਾਰੀ ਦੇ ਚਿੰਨ੍ਹ ਨਜ਼ਰ ਆਉਣ ’ਤੇ ਨਜ਼ਦੀਕੀ ਖੇਤੀਬਾੜੀ ਅਧਿਕਾਰੀਆਂ, ਖੇਤੀ ਵਿਗਿਆਨ ਕੇਂਦਰ ਜਾਂ ਪੀਏਯੂ ਦੇ ਖੇਤੀ ਮਾਹਰਾਂ ਨਾਲ ਸੰਪਰਕ ਕਰਨਾ ਚਾਹੀਦਾ ਅਤੇ ਕਿਸੇ ਦੇ ਕਹਿਣ ’ਤੇ ਕੋਈ ਛਿੜਕਾਅ ਨਹੀਂ ਕਰਨਾ ਚਾਹੀਦਾ। ਉਹਨਾਂ ਦੱਸਿਆ ਕਿ ਚਿੱਟੀ ਪਿੱਠ ਵਾਲੇ ਟਿੱਡੇ ਦੀ ਆਮਦ ਵੇਖਣ ਲਈ ਰਾਤ ਨੂੰ ਖੇਤ ਨੇੜੇ ਟਿਊਬਵੈੱਲ ਉੱਪਰ ਬੱਲਬ ਜਗਾ ਕੇ ਰੱਖੋ ਅਤੇ ਜੇਕਰ ਟਿੱਡੇ ਦੀ ਆਮਦ ਨਜ਼ਰ ਆਉਂਦੀ ਹੈ ਤਾਂ ਕਿਸੇ ਵੀ ਕੀਟਨਾਸ਼ਕ ਜਿਵੇਂ ਕਿ 94 ਮਿਲੀ. ਪੈਕਸਾਲੋਨ 10 ਐੱ ਸੀ ਜਾਂ 60 ਗ੍ਰਾਮ ਉਲਾਲਾ 50 ਡਬਲਯੂਜੀ ਜਾਂ 80 ਗ੍ਰਾਮ ਓਸ਼ੀਨ/ਟੋਕਨ/ਡੋਮਿਨੇਂਟ 20 ਐੱਸਜੀ ਜਾਂ 120 ਗ੍ਰਾਮ ਚੈੱਸ 50 ਡਬਲਯੂ ਜੀ ਜਾਂ 400 ਮਿਲੀ. ਆਰਕੈਸਟਰਾ 10 ਐੱਸਸੀ ਜਾਂ 300 ਮਿਲੀ, ਇਮੇਜਿਨ 10 ਐਸਸੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ਼ 100 ਲਿਟਰ ਪਾਣੀ ਵਿੱਚ ਘੋਲ ਕੇ ਬੂਟਿਆਂ ਦੇ ਮੁੱਢਾਂ ਤੇ ਗੋਲ ਨੋਜ਼ਲ ਨਾਲ ਛਿੜਕਾਅ ਕਰੋ। ਉਨ੍ਹਾਂ ਨੇ ਦੱਸਿਆ ਕਿ ਝੋਨੇ ਦੀ ਫ਼ਸਲ ਵਿਚ ਇਸ ਬਿਮਾਰੀ ਪ੍ਰਤੀ ਪ੍ਰਤੀਰੋਧਕ ਸ਼ਕਤੀ ਵਧਾਉਣ ਲਈ ਸੰਤੁਲਿਤ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪ੍ਰਭਾਵਤ ਬੂਟਿਆਂ ਨੂੰ ਪੁੱਟ ਕੇ ਡੂੰਘਾ ਦਬਾ ਦੇਣਾ ਚਾਹੀਦਾ ਹੈ।



