
ਗੁਰੂਸਰ ਸੁਧਾਰ, 23 ਮਈ- ਥਾਣਾ ਸੁਧਾਰ ਅਧੀਨ ਪੈਂਦੇ ਪਿੰਡ ਨਵੀਂ ਆਬਾਦੀ ਅਕਾਲਗੜ੍ਹ ਦੀ ਸੈਨਿਕ ਕਲੋਨੀ ਵਿੱਚ ਰਿਟਾਇਰਡ ਏਅਰਫੋਰਸ ਅਫਸਰ ਦੀ ਨੂੰਹ ਵੱਲੋਂ ਘੜੀ ਗੈਂਗਰੇਪ ਅਤੇ ਲੁੱਟ ਦੀ ਕਹਾਣੀ ਪੂਰੀ ਤਰ੍ਹਾਂ ਝੂਠੀ ਸਾਬਤ ਹੋਈ ਹੈ। 30 ਸਾਲਾ ਮਹਿਲਾ ਨੇ ਖੁਦ ਸੋਨੇ-ਚਾਂਦੀ ਦੇ ਗਹਿਣੇ ਗਾਇਬ ਕਰਕੇ ਪੁਲਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ 24 ਘੰਟਿਆਂ ਦੇ ਅੰਦਰ ਹੀ ਇਸ ਝੂਠ ਦੀਆਂ ਪਰਤਾਂ ਖੋਲ੍ਹਦਿਆਂ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਲੁਟਿਆ ਗਿਆ ਸਮਾਨ, 5 ਤੋਲੇ ਸੋਨੇ ਦੇ ਗਹਿਣੇ, 1 ਕਿਲੋ ਚਾਂਦੀ ਅਤੇ 5 ਹਜ਼ਾਰ ਰੁਪਏ ਬਰਾਮਦ ਕਰ ਲਏ। ਅੱਜ ਦੁਪਹਿਰ ਥਾਣਾ ਮੁਖੀ ਸੁਧਾਰ ਆਪਣੇ ਉੱਚ ਅਧਿਕਾਰੀਆਂ ਨਾਲ ਮੀਡੀਆ ਨੂੰ ਇਸ ਮਾਮਲੇ ਦਾ ਵਿਸਥਾਰਪੂਰਵਕ ਖੁਲਾਸਾ ਕਰਨਗੇ। ਦੱਸ ਦਈਏ ਕਿ ਘਟਨਾ ਦੀ ਸ਼ੁਰੂਆਤ ਬੁੱਧਵਾਰ ਸ਼ਾਮ ਨੂੰ ਹੋਈ, ਜਦੋਂ ਮਹਿਲਾ ਨੇ ਗੁਆਂਢੀਆਂ ਨੂੰ ਫੋਨ ਕਰਕੇ ਦੱਸਿਆ ਕਿ 4 ਨੌਜਵਾਨ ਬਿਜਲੀ ਵਿਭਾਗ ਦੇ ਕਰਮਚਾਰੀ ਬਣ ਕੇ ਉਸ ਦੇ ਘਰ ਦਾਖਲ ਹੋਏ। ਉਸ ਨੇ ਦੋਸ਼ ਲਗਾਇਆ ਕਿ 3 ਨੌਜਵਾਨਾਂ ਨੇ ਚਾਕੂ ਦੀ ਨੋਕ ’ਤੇ ਉਸ ਨਾਲ ਗੈਂਗਰੇਪ ਕੀਤਾ ਅਤੇ ਘਰ ਵਿੱਚ ਪਏ ਸਾਰੇ ਗਹਿਣੇ ਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਸੂਚਨਾ ਮਿਲਦੇ ਹੀ ਪੁਲਸ ਹਰਕਤ ’ਚ ਆਈ ਅਤੇ ਮਹਿਲਾ ਨੂੰ ਤੁਰੰਤ ਸੁਧਾਰ, ਫਿਰ ਲੁਧਿਆਣਾ ਦੇ ਹਸਪਤਾਲ ਵਿੱਚ ਮੈਡੀਕਲ ਜਾਂਚ ਲਈ ਭੇਜਿਆ ਗਿਆ। ਦੇਰ ਰਾਤ 11 ਵਜੇ ਮਹਿਲਾ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਗਿਆ। ਹਾਲਾਂਕਿ, ਵੀਰਵਾਰ ਨੂੰ ਜਾਂਚ ਦੌਰਾਨ ਮਾਮਲੇ ਨੇ ਨਵਾਂ ਮੋੜ ਲੈ ਲਿਆ। ਥਾਣਾ ਮੁਖੀ ਸੁਧਾਰ ਨੇ ਦੱਸਿਆ ਕਿ ਆਸ-ਪਾਸ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਵਿੱਚ ਕੋਈ ਵੀ ਨੌਜਵਾਨ ਮਹਿਲਾ ਦੇ ਘਰ ਦਾਖਲ ਹੁੰਦਾ ਨਹੀਂ ਦਿਖਿਆ, ਜਿਸ ਕਾਰਨ ਪੁਲਸ ਨੂੰ ਸ਼ੱਕ ਹੋਇਆ। ਸਖ਼ਤ ਪੁੱਛਗਿੱਛ ਦੌਰਾਨ ਮਹਿਲਾ ਨੇ ਮੰਨਿਆ ਕਿ ਉਸ ਨੇ ਗਹਿਣੇ ਹੜੱਪਣ ਅਤੇ ਪਰਿਵਾਰਕ ਹਮਦਰਦੀ ਹਾਸਲ ਕਰਨ ਲਈ ਇਹ ਸਾਰੀ ਕਹਾਣੀ ਘੜੀ ਸੀ। ਜਾਣਕਾਰੀ ਅਨੁਸਾਰ, ਮਹਿਲਾ ਦੇ ਪਤੀ ਦੀ ਮੌਤ 6 ਮਹੀਨੇ ਪਹਿਲਾਂ ਹੋ ਚੁੱਕੀ ਹੈ ਅਤੇ ਉਸ ਦਾ ਸਹੁਰਾ, ਜੋ ਰਿਟਾਇਰਡ ਏਅਰਫੋਰਸ ਅਧਿਕਾਰੀ ਹੈ, ਘਟਨਾ ਸਮੇਂ ਆਪਣੀ ਪਤਨੀ ਨਾਲ ਲੁਧਿਆਣਾ ਗਿਆ ਹੋਇਆ ਸੀ। ਗੁਆਂਢੀਆਂ ਨੂੰ ਸੂਚਨਾ ਮਿਲਣ ’ਤੇ ਉਨ੍ਹਾਂ ਨੇ ਪੁਲਸ ਨੂੰ ਜਾਣਕਾਰੀ ਦਿੱਤੀ। ਥਾਣਾ ਮੁਖੀ ਨੇ ਕਿਹਾ ਕਿ ਇਹ ਪੂਰਾ ਮਾਮਲਾ ਮਨਘੜ੍ਹਤ ਅਤੇ ਝੂਠ ’ਤੇ ਅਧਾਰਿਤ ਸੀ। ਅੱਜ ਦੁਪਹਿਰ ਮਹਿਲਾ ਦੇ ਪਰਿਵਾਰ ਨੂੰ ਬੁਲਾਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਪੁਲਸ ਨੇ ਸਮਾਜ ਵਿੱਚ ਅਜਿਹੀਆਂ ਝੂਠੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਹੈ।



