
ਲਾਲੜੂ, 23 ਜੁਲਾਈ : ਲਾਲੜੂ ਮੰਡੀ ਤੋਂ ਲਾਪਤਾ ਹੋਏ 15 ਸਾਲਾ ਵਿਦਿਆਰਥੀ ਦੀ ਸਰਸੀਣੀ ਪਿੰਡ ’ਚ ਬਣਾਈ ਹੋਈ ਝੀਲ ’ਚ ਡੁੱਬਣ ਨਾਲ ਮੌਤ ਹੋ ਗਈ। ਉਹ ਦੋ ਦਿਨਾਂ ਤੋਂ ਲਾਪਤਾ ਸੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਚ 8ਵੀਂ ਜਮਾਤ ਦਾ ਵਿਦਿਆਰਥੀ ਸੀ। ਸੋਮਵਾਰ ਸਵੇਰੇ ਸਕੂਲ ਜਾਣ ਦੀ ਬਜਾਏ ਉਹ ਝੀਲ ‘ਤੇ ਪਹੁੰਚਿਆ ਅਤੇ ਪੈਰ ਫਿਸਲਣ ਕਾਰਨ ਝੀਲ ’ਚ ਡੁੱਬ ਗਿਆ, ਜਿਸ ਦੀ ਲਾਸ਼ ਅਗਲੇ ਦਿਨ ਪਾਣੀ ਦੀ ਸਤ੍ਹਾ ’ਤੇ ਤੈਰਦੀ ਮਿਲੀ। ਲਾਲੜੂ ਪੁਲਿਸ ਨੇ ਬੀਐੱਨਐੱਸ 194 ਤਹਿਤ ਕਾਰਵਾਈ ਕੀਤੀ ਹੈ। ਏਐੱਸਆਈ ਜਗਤਾਰ ਸਿੰਘ ਨੇ ਦੱਸਿਆ ਕਿ ਵਿਸ਼ਾਲ ਕੁਮਾਰ ਪੁੱਤਰ ਸੁਰਿੰਦਰ ਪਾਲ ਵਾਸੀ ਵਾਰਡ ਨੰ. 4, ਹਰਦੇਵ ਨਗਰ, ਲਾਲੜੂ ਮੰਡੀ ਸੋਮਵਾਰ ਸਵੇਰੇ ਵਰਦੀ ਅਤੇ ਬੈਗ ਲੈ ਕੇ ਸਕੂਲ ਲਈ ਨਿਕਲਿਆ ਸੀ ਪਰ ਉਹ ਸਕੂਲ ਨਹੀਂ ਪਹੁੰਚਿਆ। ਸਕੂਲ ਵਾਲਿਆਂ ਨੇ ਪਰਿਵਾਰ ਨੂੰ ਸੂਚਿਤ ਕੀਤਾ ਪਰ ਜਦੋਂ ਵਿਸ਼ਾਲ ਸ਼ਾਮ ਨੂੰ ਵੀ ਘਰ ਨਹੀਂ ਪਹੁੰਚਿਆ ਤਾਂ ਪੁਲਿਸ ਨੂੰ ਉਸ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਗਈ। ਅਗਲੇ ਦਿਨ ਸਵੇਰੇ 11 ਵਜੇ ਦੇ ਕਰੀਬ ਸਰਸੀਣੀ ਦੇ ਸਰਪੰਚ ਨੇ ਫ਼ੋਨ ਕਰਕੇ ਦੱਸਿਆ ਕਿ ਇਕ ਬੱਚੇ ਦੀ ਵਰਦੀ ਪਾਈ ਹੋਈ ਲਾਸ਼ ਝੀਲ ਵਿਚ ਤੈਰਦੀ ਹੋਈ ਮਿਲੀ ਹੈ। ਉਸ ਦੇ ਜੁੱਤੇ ਝੀਲ ਦੇ ਵਿਚਕਾਰ ਜਾਂਦੇ ਪੁਲ਼ ’ਤੇ ਮਿਲੇ ਸਨ। ਹਾਲਾਂਕਿ, ਉਸ ਦਾ ਬੈਗ ਨਹੀਂ ਮਿਲਿਆ। ਬੱਚੇ ਦੀ ਪਛਾਣ ਉਸ ਦੀ ਸਕੂਲ ਵਰਦੀ ਤੋਂ ਹੋਈ। ਉਸ ਦੇ ਪਿਤਾ ਇਕ ਨਿੱਜੀ ਕੰਪਨੀ ਵਿਚ ਕੰਮ ਕਰਦੇ ਹਨ। ਵਿਸ਼ਾਲ ਦੋ ਭਰਾਵਾਂ ’ਚੋਂ ਸਭ ਤੋਂ ਵੱਡਾ ਸੀ। ਡੇਰਾਬੱਸੀ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।



