
ਅੰਮ੍ਰਿਤਸਰ, 8 ਅਗਸਤ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜ੍ਹਗੱਜ ਦੇ ਨਾਮ ਪੱਤਰ ਸੌਂਪ ਕੇ ਮੰਗ ਕੀਤੀ ਹੈ ਕਿ ਹਰਿਆਣਾ ਤੋਂ ਆਉਣ ਵਾਲੀ ਸੰਗਤ ਨੂੰ ਰਿਹਾਇਸ਼ ਲਈ ਇਕ ਵੱਖਰੀ ਸਰਾਂ ਅਲਾਟ ਕੀਤੀ ਜਾਵੇ। ਇਸ ਦੇ ਨਾਲ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇੜੇ ਹਰਿਆਣਾ ਦੇ ਸਿੱਖਾਂ ਲਈ ਨਵੀਂ ਸਰਾਂ ਉਸਾਰਨ ਲਈ ਦੋ ਏਕੜ ਜ਼ਮੀਨ ਦਾ ਇਕ ਪਲਾਟ ਦਿੱਤਾ ਜਾਵੇ। ਝੀਂਡਾ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਦੀਦਾਰੇ ਕਰਨ ਆਉਣ ਵਾਲੀ ਸੰਗਤ ਨੂੰ ਸਰਾਂ ’ਚ ਕਮਰੇ ਲੈਣ ਮੌਕੇ ਪਰੇਸ਼ਾਨ ਕੀਤਾ ਜਾਂਦਾ ਹੈ ਤੇ ਇਸ ਲਈ ਅਸੀਂ ਹਰਿਆਣਾ ਤੋਂ ਆਉਂਣ ਵਾਲੀ ਸੰਗਤ ਲਈ ਰਿਹਾਇਸ਼ ਦਾ ਉਚਿਤ ਪ੍ਰਬੰਧ ਕਰਨ ਲਈ ਯਤਨਸ਼ੀਲ ਹਾਂ। ਝੀਂਡਾ ਨੇ ਕਿਹਾ ਕਿ ਮੈਂ ਜਦ ਵੀ ਕਮਰੇ ਲਈ ਸ਼ੋ੍ਰਮਣੀ ਕਮੇਟੀ ਦਫ਼ਤਰ ਫੋਨ ਕਰਦਾ ਹਾਂ ਤਾਂ ਮੈਨੂੰ ਕਿਹਾ ਜਾਂਦਾ ਹੈ ਕਿ ਵਖਰੀ ਕਮੇਟੀ ਤਾਂ ਬਣਾ ਲਈ ਹੈ ਹੁਣ ਵਖਰੀ ਸਰਾਂ ਵੀ ਬਣਾਓ। ਉਨ੍ਹਾਂ ਕਿਹਾ ਕਿ ਪੰਜਾਬ ਵੰਡ ਸਮੇਂ ਪੰਜਾਬ ਤੇ ਹਰਿਆਣਾ ਵਿਚਾਲੇ 60-40 ਦੀ ਤਰਜ ’ਤੇ ਵੰਡ ਕੀਤੀ ਗਈ ਸੀ। ਇਸ ਲਈ ਹੁਣ ਕਿਉਂਕਿ ਅਸੀਂ ਵੱਖਰੀ ਕਮੇਟੀ ਬਣਾ ਲਈ ਹੈ, ਇਸ ਲਈ ਸਾਨੂੰ ਸਾਡੇ ਹਿੱਸੇ ਆਉਂਦੀ ਸਰਾਂ ਦੇ ਦਿੱਤੀ ਜਾਵੇ ਤੇ ਨਾਲ ਹੀ ਸਾਨੂੰ 2 ਏਕੜ ਜ਼ਮੀਨ ਵੀ ਪ੍ਰਦਾਨ ਕੀਤੀ ਜਾਵੇ ਤਾਂ ਜੋ ਅਸੀਂ ਸਰਾਂ ਉਸਾਰ ਸਕੀਏ। ਉਨ੍ਹਾਂ ਆਖਿਆ ਕਿ ਜਦ ਤੱਕ ਅਸੀਂ ਸਰਾਂ ਨਹੀਂ ਬਣਾ ਲੈਂਦੇ ਉਸ ਸਮੇਂ ਤੱਕ ਸਾਨੂੰ ਇਕ ਸਰਾਂ ਵਰਤਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਹਰਿਆਣਾ ਦੇ ਸਿੱਖਾਂ ਦੀ ਜਾਇਜ਼ ਮੰਗ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼ੋ੍ਰਮਣੀ ਕਮੇਟੀ ਹਰਿਆਣਾ ਤੋਂ ਚੁਣ ਕੇ ਆਏ ਮੈਂਬਰਾਂ ਨਾਲ ਭੇਦਭਾਵ ਨਾ ਕਰਦੀ ਤਾਂ ਹਰਿਆਣਾ ਕਮੇਟੀ ਕਦੇ ਵੀ ਹੌਂਦ ’ਚ ਨਾ ਆਉਂਦੀ। ਜ਼ਮੀਨ ਬਾਰੇ ਝੀਂਡਾ ਨੇ ਕਿਹਾ ਕਿ ਅਸੀਂ ਕਿਸੇ ਦਾ ਹੱਕ ਖੋਹ ਨਹੀਂ ਰਹੇ, ਆਪਣਾ ਹੱਕ ਮੰਗ ਰਹੇ ਹਾਂ, ਇਸ ਲਈ ਸਾਨੂੰ ਜੇਕਰ ਅਦਾਲਤ ’ਚ ਵੀ ਜਾਣਾ ਪਿਆ ਤਾਂ ਅਸੀਂ ਪਿੱਛੇ ਨਹੀਂ ਹਟਾਗੇ। ਝੀਂਡਾ ਦਾ ਇਹ ਪੱਤਰ ਐਡਵੋਕੇਟ ਧਾਮੀ ਦੀ ਗ਼ੈਰ ਹਾਜ਼ਰੀ ’ਚ ਵਧੀਕ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ ਤੇ ਸੁਪਰਡੈਂਟ ਨਿਸ਼ਾਨ ਸਿੰਘ ਨੇ ਹਾਸਲ ਕੀਤਾ।



