
ਫ਼ਿਰੋਜ਼ਪੁਰ, 17 ਜਨਵਰੀ (ਬਾਲ ਕਿਸ਼ਨ)– ਗੁਰੂਹਰਸਹਾਏ ਦੇ ਅਧੀਨ ਆਉਂਦੇ ਪੁਲ ਨਹਿਰ ਸੂਆ ਪਿੰਡ ਨਿੱਝਰ ਵਿਖੇ ਇਕ ਵਿਅਕਤੀ ਕੋਲੋਂ ਪੈਸੇ, ਸੋਨੇ ਦੀ ਚੈਨ ਅਤੇ ਮੋਬਾਇਲ ਫੋਨ ਖੋਹਣ ’ਤੇ ਉਸ ਦਾ ਵਿਰੋਧ ਕਰਨ ਤੇ ਉਸ ਦੀ ਕੁੱਟਮਾਰ ਕਰਕੇ ਜ਼ਖਮੀਂ ਕਰਨ ਦੇ ਦੋਸ਼ ਵਿਚ ਥਾਣਾ ਗੁਰੂਹਰਸਹਾਏ ਪੁਲਿਸ ਨੇ 4 ਬਾਏ ਨੇਮ ਵਿਅਕਤੀਆਂ ਅਤੇ 2 ਅਣਪਛਾਤੇ ਵਿਅਕਤੀਆਂ ਖਿਲਾਫ 126 (2), 304, 115 (2), 351 (2), 191 (3), 190 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੀਪਕ ਕੁਮਾਰ ਪੁੱਤਰ ਮਨੋਹਰ ਲਾਲ ਵਾਸੀ ਦਰੀਏ ਕੇ ਨੇ ਦੱਸਿਆ ਕਿ ਮਿਤੀ 13 ਜਨਵਰੀ 2025 ਨੂੰ ਉਹ ਮੱਝਾਂ ਦੇ ਸਬੰਧ ਵਿਚ ਪਿੰਡ ਮਰਾੜ ਗਿਆ ਸੀ, ਜਿਥੇ ਦੋਸ਼ੀਅਨ ਕੇਵਲ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਟਾਹਲੀ ਵਾਲਾ, ਸਰਵਨ ਸਿੰਘ ਪੁੱਤਰ ਸ਼ੀਸ਼ਾ ਸਿੰਘ, ਅਰਸ਼ ਪੁੱਤਰ ਸਰਵਨ ਸਿੰਘ, ਸਰਬਜੀਤ ਸਿੰਘ ਵਾਸੀ ਮਰਾੜ ਸਮੇਤ 2 ਹੋਰ ਅਣਪਛਾਤੇ ਆਦਮੀ ਪਹਿਲਾਂ ਤੋਂ ਖੜੇ ਸਨ, ਜਿਨ੍ਹਾਂ ਨੂੰ ਵੇਖ ਕੇ ਉਹ ਆਪਣੀ ਕਾਰ ’ਤੇ ਆਪਣੇ ਪਿੰਡ ਵਾਪਸ ਆ ਰਿਹਾ ਸੀ ਤਾਂ ਦੋਸ਼ੀਅਨ ਨੇ ਆਪਣੀ ਗੱਡੀ ਤੇ ਮੋਟਰਸਾਈਕਲ ਤੇ ਉਸ ਦਾ ਪਿੱਛਾ ਕਰਕੇ ਪੁਲ ਨਹਿਰ ਪਿੰਡ ਨਿੱਝਰ ’ਤੇ ਉਸ ਦੀ ਕਾਰ ਰੋਕ ਕੇ ਉਸ ਦੀ ਜੇਬ ਵਿਚੋਂ 45500 ਰੁਪਏ ਦੀ ਨਗਦੀ, ਉਸ ਦੇ ਗਲ ਵਿਚ ਪਾਈ ਸੋਨੇ ਦੀ ਚੈਨ ਵਜ਼ਨੀ 15 ਤੋਲੇ ਝਪਟ ਮਾਰ ਕੇ ਖੋਲ ਲਈ ਤੇ ਉਸ ਦੀ ਜੇਬ ਵਿਚੋਂ ਮੋਬਾਇਲ ਫੋਨ ਵੀ ਖੋਹ ਲਿਆ। ਦੀਪਕ ਕੁਮਾਰ ਨੇ ਦੱਸਿਆ ਕਿ ਉਸ ਵੱਲੋਂ ਵਿਰੋਧ ਕਰਨ ’ਤੇ ਉਸ ਦੀ ਕੁੱਟਮਾਰ ਕੀਤੀ ਤੇ ਸੱਟਾਂ ਮਾਰੀਆਂ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਹਿਕ ਥਾਣੇਦਾਰ ਨਰੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



