
ਬਾਲ ਕਿਸ਼ਨ
ਫਿਰੋਜ਼ਪੁਰ, 28 ਜੁਲਾਈ : ਜੈ ਮਲਾਪ ਲੈਬੋਰਟਰੀ ਐਸੋਸੀਏਸ਼ਨ, ਜ਼ਿਲ੍ਹਾ ਫ਼ਿਰੋਜ਼ਪੁਰ ਵੱਲੋਂ ਇਤਿਹਾਸਕ ਧਰਤੀ ਗੁਰਦੁਆਰਾ ਸ੍ਰੀ ਜਾਮਨੀ ਸਾਹਿਬ ਵਿਖੇ ਲਾਏ ਗਏ ਪੰਜਵੇਂ ਜ਼ਿਲ੍ਹਾ ਪੱਧਰੀ ਵਿਸ਼ਾਲ ਖੂਨਦਾਨ ਕੈਂਪ ਨੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਇਸ ਕੈਂਪ ਵਿਚ ਜੈ ਮਲਾਪ ਦੇ ਸਮਰਪਿਤ ਯੋਧਿਆਂ ਨੇ ਬੇਮਿਸਾਲ ਪ੍ਰਦਰਸ਼ਨ ਕਰਦਿਆਂ ਰਿਕਾਰਡ 509 ਯੂਨਿਟ ਖੂਨ ਦਾਨ ਕੀਤਾ। ਇਹ ਅੰਕੜਾ ਨਾ ਸਿਰਫ਼ ਐਸੋਸੀਏਸ਼ਨ ਲਈ ਇੱਕ ਮਾਣ ਵਾਲੀ ਗੱਲ ਹੈ। ਜ਼ਿਲ੍ਹਾ ਪ੍ਰਧਾਨ ਬਰਜਿੰਦਰ ਸਿੰਘ ਖਾਲਸਾ, ਜ਼ਿਲ੍ਹਾ ਸੈਕਟਰੀ ਹਰਜਿੰਦਰ ਸ਼ਰਮਾ ਅਤੇ ਜ਼ਿਲ੍ਹਾ ਕੈਸ਼ੀਅਰ ਪਵਨ ਮਦਾਨ ਲਵਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿਚ ਜ਼ਿਲ੍ਹੇ ਦੇ ਅੱਠ ਬਲਾਕਾਂ – ਕੈਂਟ, ਸਿਟੀ, ਗੁਰੂਹਰਸਹਾਏ, ਜ਼ੀਰਾ, ਮਖੂ, ਮਮਦੋਟ, ਮੱਲਾਂਵਾਲਾ ਅਤੇ ਤਲਵੰਡੀ ਭਾਈ ਦੇ ਖੂਨਦਾਨੀਆਂ ਨੇ ਭਾਰੀ ਉਤਸ਼ਾਹ ਦਿਖਾਇਆ। ਸੰਚਾਲਕਾਂ ਨੇ ਦੱਸਿਆ ਕਿ ਦੁਪਹਿਰ ਤਿੰਨ ਵਜੇ ਤੱਕ ਵੀ ਖੂਨਦਾਨ ਕੈਂਪ ’ਤੇ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਜੈ ਮਲਾਪ ਦੇ ਯੋਧਿਆਂ ਨੇ ਕੈਂਪ ਦੀ ਪ੍ਰਮੋਸ਼ਨ ਇੰਨੀ ਜ਼ਬਰਦਸਤ ਕੀਤੀ ਸੀ ਕਿ ਕੈਂਪ ਦੀ ਸਮਾਪਤੀ ਤੋਂ ਬਾਅਦ ਵੀ ਖੂਨਦਾਨੀਆਂ ਦਾ ਆਉਣਾ ਜਾਰੀ ਸੀ, ਜਿਨ੍ਹਾਂ ਨੂੰ ਅਫ਼ਸੋਸ ਨਾਲ ਵਾਪਸ ਮੋੜਨਾ ਪਿਆ। ਸਮੁੱਚੀਆਂ ਬਲਾਕ ਕੌਰ ਕਮੇਟੀਆਂ ਨੇ ਇਸ ਕਾਰਜ ਵਿਚ ਅਥਾਹ ਜੋਸ਼ ਦਿਖਾਇਆ। ਇਸ ਇਤਿਹਾਸਕ ਖੂਨਦਾਨ ਕੈਂਪ ਵਿਚ ਬਲਾਕ ਪ੍ਰਧਾਨ ਕੈਂਟ ਜੀਵਨ ਜੋਯਤੀ ਦੀ ਟੀਮ, ਬਲਾਕ ਪ੍ਰਧਾਨ ਸਿਟੀ ਅਨਿਲ ਮਹਿਰਾ ਦੀ ਟੀਮ, ਬਲਾਕ ਪ੍ਰਧਾਨ ਜ਼ੀਰਾ ਵਿਸ਼ਾਲ ਚੋਪੜਾ ਦੀ ਟੀਮ, ਬਲਾਕ ਮਮਦੋਟ ਦੇ ਪ੍ਰਧਾਨ ਸੁਰਿੰਦਰ ਸਿੰਘ ਦੀ ਟੀਮ, ਬਲਾਕ ਤਲਵੰਡੀ ਭਾਈ ਦੇ ਪ੍ਰਧਾਨ ਗਗਨ ਖੁੰਗਰ ਦੀ ਟੀਮ, ਬਲਾਕ ਗੁਰੂਹਰਸਹਾਏ ਦੇ ਪ੍ਰਧਾਨ ਗੁਰਪਿਆਰ ਸਿੰਘ ਦੀ ਟੀਮ, ਬਲਾਕ ਮੱਲਾਂਵਾਲਾ ਦੇ ਪ੍ਰਧਾਨ ਕੁਲਦੀਪ ਮੌਗਾ ਦੀ ਟੀਮ, ਅਤੇ ਬਲਾਕ ਮਖੂ ਦੇ ਪ੍ਰਧਾਨ ਕਰਨਜੀਤ ਸਿੰਘ ਭੁੱਲਰ ਦੀ ਟੀਮ ਵਿਸ਼ੇਸ਼ ਤੌਰ ’ਤੇ ਹਾਜ਼ਰ ਸੀ। ਬਰਜਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਇਸ ਕੈਂਪ ਦੀ ਕਾਮਯਾਬੀ ਦਾ ਸਿਹਰਾ ਜ਼ਿਲ੍ਹੇ ਦੇ ਸਮੁੱਚੇ ਮੈਂਬਰਾਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਇਹ ਰਿਕਾਰਡ ਕਾਇਮ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਜ਼ਿਲ੍ਹਾ ਫ਼ਿਰੋਜ਼ਪੁਰ ਦੇ ਯੋਧਿਆਂ ਨੇ ਅਜਿਹਾ ਇਤਿਹਾਸ ਸਿਰਜ ਦਿੱਤਾ ਹੈ, ਜੋ ਆਉਣ ਵਾਲੇ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ।



