
ਬਲਬੇੜ੍ਹਾ, 18 ਜੂਨ : ਨੇੜਲੇ ਪਿੰਡ ਕਰਹਾਲੀ ਸਾਹਿਬ ਵਿਖੇ ਬੀਤੀ ਰਾਤ ਇਕ ਮੋਟਰਸਾਈਕਲ ਦੀ ਜੇਸੀਬੀ ਮਸ਼ੀਨ ਨਾਲ ਆਹਮੋ-ਸਾਹਮਣੀ ਟੱਕਰ ਗਈ ਜਿਸ ਵਿਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤੇਜਿੰਦਰ ਸਿੰਘ ਅਤੇ ਅੰਮ੍ਰਿਤ ਸਿੰਘ ਪਟਿਆਲਾ ਵਿਖੇ ਕੈਮਿਸਟ ਦੀ ਦੁਕਾਨ ‘ਤੇ ਕੰਮ ਕਰਦੇ ਸਨ। ਬੀਤੀ ਰਾਤ ਕੰਮ ਤੋਂ ਵਾਪਸੀ ਸਮੇਂ ਜਦ ਇਤਿਹਾਸਕ ਗੁਰਦੁਆਰਾ ਕਰਹਾਲੀ ਸਾਹਿਬ ਨੇੜੇ ਪਹੁੰਚੇ ਤਾਂ ਅੱਗਿਓਂ ਤੇਜ਼ ਰਫਤਾਰ ਜੇਸੀਬੀ ਮਸ਼ੀਨ ਨਾਲ ਟੱਕਰ ਹੋ ਗਈ। ਘਟਨਾ ਨਾਲ ਪੂਰੇ ਪਿੰਡ ‘ਚ ਗ਼ਮ ਵਾਲਾ ਮਾਹੌਲ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਖ਼ਤਰਨਾਕ ਖ਼ੂਨੀ ਅੇੈਕਸੀਡੈਂਟ ਬਾਰੇ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਦੇ ਦਿੱਤੀ ਹੈ। ਡਿਊਟੀ ਅਫਸਰ ਏਅੇੈਸਆਈ ਗੁਰਬਾਜ਼ ਸਿੰਘ ਨੇ ਦੱਸਿਆ ਕਿ ਬੀਤੀ ਰਾਤ 9 ਵਜੇ ਦੇ ਕਰੀਬ ਇਹ ਜੇਬੀਸੀ ਮਸ਼ੀਨ ਰਾਮਨਗਰ ਤੋਂ ਅੱਗੇ ਜਾ ਰਹੀ ਸੀ ਜਿਸ ਦੀ ਮੋਟਰਸਾਈਕਲ ਨਾਲ ਆਹਮੋ-ਸਾਹਮਣੀ ਟੱਕਰ ਹੋ ਗਈ ਜਿਸ ਵਿਚ ਤੇਜਿੰਦਰ ਸਿੰਘ ਨੇ ਮੌਕੇ ‘ਤੇ ਦਮ ਤੋੜ ਦਿੱਤਾ। ਅੰਮ੍ਰਿਤਪਾਲ ਸਿੰਘ ਨੇ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਆਖਰੀ ਸਾਹ ਲਿਆ। ਉਨ੍ਹਾਂ ਕਿਹਾ ਕਿ ਮੁਕੱਦਮਾ ਦਰਜ ਕਰ ਕੇ ਖੋਜਬੀਣ ਆਰੰਭ ਕਰ ਦਿੱਤੀ ਗਈ ਹੈ।



