
ਲੁਧਿਆਣਾ, 26 ਜੁਲਾਈ : ਲੁਧਿਆਣਾ ਨਸ਼ੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਅੰਦਰ ਪੁਲਿਸ ਵੱਲੋਂ ਇਕ ਵੱਡੀ ਕਾਰਵਾਈ ਕਰਦਿਆਂ ਲੁਧਿਆਣਾ ਦੇ ਹੰਬੜਾ ਰੋਡ ਸਥਿਤ ਪਿੰਡ ਮਲਕਪੁਰ ਚ ਮਹਿਲਾ ਨਸ਼ਾ ਸਮੱਗਲਰ ਅਮਰਜੀਤ ਕੌਰ ਦੇ ਘਰ ਦੀ ਨਾਜਾਇਜ਼ ਉਸਾਰੀ ਤੋੜੀ ਗਈ। ਇਸ ਮੌਕੇ ਗਲਾਡਾ (ਗਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਿਟੀ) ਦੇ ਅਧਿਕਾਰੀ ਵੀ ਮੌਜੂਦ ਰਹੇ, ਜਿਨ੍ਹਾਂ ਨੇ ਪੁਸ਼ਟੀ ਕੀਤੀ ਕਿ ਉਕਤ ਔਰਤ ਨੇ ਇਹ ਘਰ ਗੈਰ-ਕਾਨੂੰਨੀ ਢੰਗ ਨਾਲ ਬਣਾਇਆ ਸੀ। ਔਰਤ ਖਿਲਾਫ਼ ਦਰਜ ਹਨ 6 ਮੁਕੱਦਮੇ ਪੁਲਿਸ ਅਧਿਕਾਰੀਆਂ ਅਨੁਸਾਰ ਅਮਰਜੀਤ ਕੌਰ ਖ਼ਿਲਾਫ਼ ਨਸ਼ਾ ਤਸਕਰੀ ਦੇ 6 ਮਾਮਲੇ ਦਰਜ ਹਨ ਤੇ ਕੁਝ ਮਾਮਲਿਆਂ ’ਚ ਉਹ ਸਜ਼ਾਯਾਫਤਾ ਵੀ ਹੋ ਚੁੱਕੀ ਹੈ। ਅਮਰਜੀਤ ਕੌਰ ਇਸ ਸਮੇਂ ਜੇਲ੍ਹ ’ਚ ਬੰਦ ਹੈ। ਪੁਲਿਸ ਨੇ ਦੱਸਿਆ ਕਿ ਅਮਰਜੀਤ ਕੌਰ 2013 ਤੋਂ ਨਸ਼ਾ ਤਸਕਰੀ ਵਿਚ ਲਿਪਤ ਹੈ। ਬਾਕਸ– ਡੀਸੀਪੀ ਕਰ ਰਹੇ ਸਨ ਕਾਰਵਾਈ ਦੀ ਅਗਵਾਈ ਇਸ ਕਾਰਵਾਈ ਦੀ ਅਗਵਾਈ ਡਿਪਟੀ ਕਮਿਸ਼ਨਰ ਆਫ਼ ਪੁਲਿਸ ਹਰਪਾਲ ਸਿੰਘ ਨੇ ਖ਼ੁਦ ਕੀਤੀ। ਮੌਕੇ ’ਤੇ ਕਈ ਹੋਰ ਥਾਣਿਆਂ ਤੋਂ ਪੁਲਿਸ ਬਲ ਵੀ ਤਾਇਨਾਤ ਕੀਤੇ ਗਏ ਸੀ ਤਾਂ ਜੋ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਿਆ ਜਾ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਗਲਾਡਾ ਵੱਲੋਂ ਇਸ ਜਗ੍ਹਾ ਨੂੰ ਪਹਿਲਾਂ ਹੀ ਗੈਰ-ਕਾਨੂੰਨੀ ਐਲਾਨ ਕੀਤਾ ਗਿਆ ਸੀ। ਪੁਲਿਸ ਨੇ ਇਹ ਵੀ ਦੱਸਿਆ ਕਿ ਔਰਤ ਦੇ ਪਰਿਵਾਰਕ ਮੈਂਬਰਾਂ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਬਾਕਸ– ਜਲਦੀ ਹੀ ਹੋਵੇਗੀ ਹੋਰ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ’ਤੇ ਕਾਰਵਾਈ ਪੁਲਿਸ ਸੂਤਰਾਂ ਨੇ ਜਾਣਕਾਰੀ ਦਿੱਤੀ ਕਿ ਅਜਿਹੇ ਹੋਰ ਨਸ਼ਾ ਤਸਕਰਾਂ ਦੀ ਸੂਚੀ ਤਿਆਰ ਕਰ ਲਈ ਗਈ ਹੈ, ਜਿਨ੍ਹਾਂ ਨੇ ਗੈਰ-ਕਾਨੂੰਨੀ ਢੰਗ ਨਾਲ ਇਮਾਰਤਾਂ ਬਣਾਈਆਂ ਹਨ। ਸਬੰਧਤ ਥਾਣਾ ਇੰਚਾਰਜਾਂ ਨੂੰ ਨਗਰ ਨਿਗਮ, ਗਲਾਡਾ ਤੇ ਨਗਰ ਸੁਧਾਰ ਟਰੱਸਟ ਨਾਲ ਮਿਲ ਕੇ ਅਜਿਹੀਆਂ ਇਮਾਰਤਾਂ ਨੂੰ ਕਾਨੂੰਨ ਅਨੁਸਾਰ ਢਾਹਣ ਦੇ ਹੁਕਮ ਦਿੱਤੇ ਗਏ ਹਨ। ਬਾਕਸ– ਬਿਆਨਾਂ ਦੇ ਕੇ ਕੀਤਾ ਸੀ ਜ਼ਮੀਨ ’ਤੇ ਕਬਜ਼ਾ ਇਸ ਮਾਮਲੇ ਸਬੰਧੀ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਿਲਾ ਤਸਕਰ ਨੇ ਹੈਬੋਵਾਲ ਖੁਰਦ ਦੀ 4 ਕਨਾਲ ਜਗ੍ਹਾ ’ਚੋਂ 50 ਗਜ਼ ਜ਼ਮੀਨ 50 ਹਜ਼ਾਰ ਰੁਪਏ ਦਾ ਬਿਆਨਾ ਕਰ ਕੇ ਹੈਬੋਵਾਲ ਖੁਰਦ ਵਾਸੀ ਪਰਮਜੀਤ ਸ਼ਰਮਾ ਦੀ ਜ਼ਮੀਨ ’ਤੇ ਕਬਜ਼ਾ ਕਰ ਲਿਆ ਸੀ। ਮਹਿਲਾ ਨੇ ਬਿਆਨਾਂ ਦੇਣ ਤੋਂ ਬਾਅਦ ਸ਼ਰਮਾ ਨੂੰ ਡੇਢ ਲੱਖ ਰੁਪਏ ਦੀ ਰਕਮ ਅਦਾ ਨਹੀਂ ਕੀਤੀ ਸੀ ਤੇ ਨਾਲ ਹੀ ਧੱਕੇ ਨਾਲ ਜ਼ਮੀਨ ਉੱਪਰ ਨਾਜਾਇਜ਼ ਉਸਾਰੀ ਕਰ ਲਈ ਸੀ, ਜਿਸ ਨੂੰ ਅੱਜ ਖਾਲੀ ਕਰਵਾਇਆ ਗਿਆ।



