
ਤਰਨਤਾਰਨ, , 22 ਦਸੰਬਰ : ਥਾਣਾ ਹਰੀਕੇ ਦੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਮੁਲਜ਼ਮ ਦੇ ਪੁਲਿਸ ਹਿਰਾਸਤ ’ਚੋਂ ਹਥਕੜੀ ਸਮੇਤ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਕਾਰਵਾਈ ਕਰਦਿਆਂ ਪੁਲਿਸ ਨੇ ਥਾਣਾ ਹਰੀਕੇ ਪੱਤਣ ’ਚ ਫਰਾਰ ਮੁਲਜ਼ਮ, ਉਸਦੇ ਪਿਤਾ ਅਤੇ ਪਨਾਹ ਦੇਣ ਵਾਲੇ ਦੋਸਤ ਸਣੇ ਇੱਕ ਥਾਣੇਦਾਰ ਤੇ ਪੰਜਾਬ ਹੋਮਗਾਰਡ ਦੇ ਕਰਮਚਾਰੀ ਵਿਰੁੱਧ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਜਾਨਲੇਵਾ ਹਮਲਾ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਗਏ ਜਸਕਰਨ ਸਿੰਘ ਪੁੱਤਰ ਗੁਰਨਾਮ ਸਿੰਘ ਨੂੰ ਏਐੱਸਆਈ ਸੁਖਵੰਤ ਸਿੰਘ ਤੇ ਪੰਜਾਬ ਹੋਮਗਾਰਡ ਕਰਮਚਾਰੀ ਸਤਨਾਮ ਸਿੰਘ ਅੰਮ੍ਰਿਤਸਰ ਦੀ ਜੇਲ੍ਹ ਵਿਚ ਛੱਡਣ ਲਈ ਗਏ ਸਨ ਪਰ ਉਕਤ ਮੁਲਜ਼ਮ ਪੁਲਿਸ ਹਿਰਾਸਤ ’ਚੋਂ ਹਥਕੜੀ ਸਮੇਤ ਫਰਾਰ ਹੋ ਗਿਆ। ਪੁਲਿਸ ਨੇ ਉਕਤ ਦੋਵਾਂ ਕਰਮਚਾਰੀਆਂ ਤੋਂ ਇਲਾਵਾ ਫਰਾਰ ਜਸਕਰਨ ਸਿੰਘ, ਉਸਦੇ ਪਿਤਾ ਗੁਰਨਾਮ ਸਿੰਘ ਅਤੇ ਪਨਾਹ ਦੇਣ ਦੇ ਦੋਸ਼ ਹੇਠ ਉਸਦੇ ਦੋਸਤ ਹਰਮਨਦੀਪ ਸਿੰਘ ਕਾਕਾ ਵਾਸੀ ਬੁਰਜ ਦੇਵਾ ਸਿੰਘ ਦੇ ਖਿਲਾਫ ਕੇਸ ਦਰਜ ਕੀਤਾ ਹੈ। ਜਦੋਂਕਿ ਗੁਰਨਾਮ ਸਿੰਘ ਤੇ ਹਰਮਨਦੀਪ ਸਿੰਘ ਕਾਕਾ ਗ੍ਰਿਫਤਾਰ ਵੀ ਹੋ ਚੁੱਕੇ ਹਨ।



