
ਲੁਧਿਆਣਾ, 14 ਜਨਵਰੀ: ਲੁਧਿਆਣਾ ਦੇ ਕੋਰਟ ਕੰਪਲੈਕਸ ਵਿੱਚ ਉਸ ਵੇਲੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਜਦੋਂ ਇਹ ਗੱਲ ਸਾਹਮਣੇ ਆਈ ਕਿ ਅਣਪਛਾਤੇ ਅਪਰਾਧੀ ਨੇ ਈਮੇਲ ਦੇ ਜ਼ਰੀਏ ਜੁਡੀਸ਼ੀਅਲ ਕੰਪਲੈਕਸ ਨੂੰ ਬੰਬ ਨਾਲ ਉਡਾ ਦੇਣ ਦੀ ਧਮਕੀ ਦਿੱਤੀ। ਅੰਗਰੇਜ਼ੀ ਬ੍ਰਾਂਚ ਨੂੰ ਮਿਲੀ ਇਸ ਈਮੇਲ ਤੋਂ ਬਾਅਦ ਕੋਰਟ ਕੰਪਲੈਕਸ ਵਿੱਚ ਦਹਿਸ਼ਤ ਬਣ ਗਈ। ਬੰਬ ਨਿਰੋਧਕ ਦਸਤਿਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਸੁਰੱਖਿਆ ਦੇ ਮੱਦੇਨਜ਼ਰ ਵਕੀਲਾਂ ਅਤੇ ਹੋਰ ਸਟਾਫ ਨੂੰ ਜੁਡੀਸ਼ੀਅਲ ਕੰਪਲੈਕਸ ਤੋਂ ਦੂਰ ਰਹਿਣ ਲਈ ਕਿਹਾ ਗਿਆ। ਕਾਬਲੇ ਗੌਰ ਹੈ ਕਿ ਕੁਝ ਦਿਨ ਪਹਿਲੋਂ ਵੀ ਪੰਜਾਬ ਵਿੱਚ ਕਈ ਥਾਵਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਸਨ। ਉਨ੍ਹਾਂ ਵਿੱਚ ਲੁਧਿਆਣਾ ਜੁਡੀਸ਼ੀਅਲ ਕੰਪਲੈਕਸ ਵੀ ਸ਼ਾਮਿਲ ਸੀ। ਇਸ ਦੇ ਨਾਲ ਹੀ ਫਤਿਹਗੜ੍ਹ ਸਾਹਿਬ ਦੀ ਅਦਾਲਤ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਕੋਰਟ ਕੰਪਲੈਕਸ ਨੂੰ ਖਾਲੀ ਕਰਵਾ ਲਿਆ ਗਿਆ ਹੈ।



