Punjab

ਜੀਪ ਕੱਢਣ ਨੂੰ ਲੈ ਕੇ ਹੋਏ ਝਗੜੇ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਨੌਜਵਾਨ ਦੀ ਹੱਤਿਆ

ਬਟਾਲਾ, 5 ਅਗਸਤ : ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਪਿੰਡ ਘਣੀਏ-ਕੇ-ਬਾਂਗਰ ’ਚ ਰਸਤੇ ’ਚੋਂ ਜੀਪ ਕੱਢਣ ਨੂੰ ਲੈ ਕੇ ਇੱਕ ਮਾਮੂਲੀ ਝਗੜੇ ਇੱਕ ਨੌਜਵਾਨ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸਦੀ ਹੱਤਿਆ ਕਰ ਦਿੱਤੀ ਗਈ ਹੈ। ਥਾਣਾ ਘਣੀਏ-ਕੇ-ਬਾਂਗਰ ਨੇ ਤਿੰਨ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਫਿਲਹਾਲ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ, ਮੁਲਜ਼ਮਾਂ ਦੀ ਭਾਲ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਘਣੀਏ-ਕੇ-ਬਾਂਗਰ ਦੀ ਰਹਿਣ ਵਾਲੀ ਕਰਮਜੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਪਤੀ ਬਲਜਿੰਦਰ ਸਿੰਘ (27) ਪੁੱਤਰ ਹਰਜੀਤ ਸਿੰਘ ਅਤੇ ਸੱਸ ਬਲਵਿੰਦਰ ਕੌਰ ਨਾਲ ਆਪਣੀ ਜੀਪ ਵਿੱਚ ਪਿੰਡ ਕੋਟਲੀ ਥਾਬਲਾਂ ਸਥਿਤ ਪੀਰਾਂ ਦੀ ਦਰਗਾਹ ਤੇ ਮੱਥਾ ਟੇਕਣ ਜਾ ਰਹੇ ਸਨ ਅਤੇ ਜਦ ਉਹ ਪਿੰਡ ਕੋਟਲੀ ਢਾਡੀਆਂ ਪਹੁੰਚੇ ਤਾਂ ਘਣੀਏ-ਕੇ-ਬਾਂਗਰ ਦੇ ਰਹਿਣ ਵਾਲੇ ਬਲਦੇਵ ਸਿੰਘ, ਗੁਰਜਿੰਦਰ ਸਿੰਘ ਅਤੇ ਰਾਜਵਿੰਦਰ ਸਿੰਘ ਰਾਜਾ, ਪੁਲ ਸੂਆ ਨੇੜੇ ਪਸ਼ੂਆਂ ਦੇ ਚਾਰੇ ਵਾਲੀ ਗੱਡੇ ਤੇ ਆ ਰਹੇ ਸਨ ਅਤੇ ਉਨ੍ਹਾਂ ਨੇ ਆਪਣਾ ਗੱਡਾ ਉਨਾਂ ਦੀ ਜੀਪ ਅੱਗੇ ਖੜਾ ਕਰ ਦਿੱਤਾ ਅਤੇ ਤੰਗ ਰਾਹ ਤੋਂ ਲੰਘਣ ਨੂੰ ਲੈ ਕੇ ਉਸਦੇ ਪਤੀ ਦਾ ਮੁਲਜ਼ਮਾਂ ਨਾਲ ਮਾਮੂਲੀ ਝਗੜਾ ਹੋ ਗਿਆ। ਉਹਨਾਂ ਦੱਸਿਆ ਕਿ ਬਲਦੇਵ ਸਿੰਘ ਨੇ ਉਸਦੇ ਪਤੀ ਨੂੰ ਵਾਲਾਂ ਤੋਂ ਫੜ ਕੇ ਗੱਡੀ ਤੋਂ ਹੇਠਾਂ ਸੁੱਟ ਦਿੱਤਾ ਤੇ ਜਤਿੰਦਰ ਸਿੰਘ ਦੇ ਡੇਰੇ ਦੇ ਗੇਟ ਦੇ ਅੰਦਰ ਲੈ ਗਏ। ਉੱਥੇ ਗੁਰਜਿੰਦਰ ਸਿੰਘ ਅਤੇ ਰਾਜਵਿੰਦਰ ਸਿੰਘ ਨੇ ਉਸਦੇ ਪਤੀ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮ੍ਰਿਤਕ ਦੀ ਪਤਨੀ ਕਰਮਜੀਤ ਕੌਰ ਨੇ ਦੱਸਿਆ ਕਿ ਬਲਦੇਵ ਸਿੰਘ ਤੇ ਉਹਦੇ ਪੁੱਤਰਾਂ ਨੇ ਉਸਦੇ ਪਤੀ ਦੇ ਪੇਟ ’ਚ ਦਾਤਰੀ ਦੇ ਨਾਲ ਵਾਰ ਕੀਤੇ, ਜਿਸ ਨਾਲ ਉਸ ਦਾ ਪਤੀ ਸਖਤ ਰੂਪ ’ਚ ਜਖਮੀ ਹੋ ਗਿਆ, ਜਦੋਂ ਉਨ੍ਹਾਂ ਨੇ ਰੌਲਾ ਪਾਇਆ ਤਾਂ ਉਸਦਾ ਸਹੁਰਾ ਦਲਜੀਤ ਸਿੰਘ ਮੌਕੇ ਤੇ ਪਹੁੰਚ ਗਿਆ। ਲੋਕਾਂ ਦਾ ਇਕੱਠਾ ਹੁੰਦਾ ਦੇਖ ਕੇ ਮੁਲਜ਼ਮ ਮੌਕੇ ਤੋਂ ਭੱਜ ਗਏ ਅਤੇ ਉਹ ਪਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਲੈ ਗਏ, ਜਿੱਥੇ ਡਾਕਟਰ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਲਾਸ਼ ਸੜਕ ’ਚ ਰੱਖ ਕੇ ਮੁਲਜਮਾਂ ਦੀ ਗ੍ਰਿਫਤਾਰੀ ਦੀ ਕੀਤੀ ਮੰਗ… ਦੂਜੇ ਪਾਸੇ ਮ੍ਰਿਤਕ ਦੇ ਬਲਜਿੰਦਰ ਸਿੰਘ ਦੇ ਪਰਿਵਾਰਿਕ ਅਤੇ ਰਿਸ਼ਤੇਦਾਰਾਂ ਨੇ ਲਾਸ਼ ਨੂੰ ਅਲੀਵਾਲ ਵਿਖੇ ਰੋਡ ਤੇ ਰੱਖ ਕੇ ਧਰਨਾ ਦਿੱਤਾ। ਧਰਨੇ ਕਾਰਨ ਵਾਹਨ ਚਾਲਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਰਿਸ਼ਤੇਦਾਰਾਂ ਨੇ ਕਿਹਾ ਕਿ ਜਦੋਂ ਤੱਕ ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰਦੀ, ਲਾਸ਼ ਦਾ ਪੋਸਟਮਾਰਟਮ ਨਹੀਂ ਹੋਣ ਦਿੱਤਾ ਜਾਵੇਗਾ। ਉਧਰ ਥਾਣਾ ਘਣੀਏ ਕੇ ਬਾਂਗਰ ਦੇ ਐੱਸਐੱਚਓ ਅਤੇ ਹੋਰ ਪੁਲਿਸ ਅਧਿਕਾਰੀਆਂ ਵੱਲੋਂ ਜਲਦ ਕਾਰਵਾਈ ਦਾ ਭਰੋਸਾ ਦੇਣ ਤੋਂ ਬਾਅਦ ਪੀੜਤ ਪਰਿਵਾਰ ਨੇ ਧਰਨਾ ਚੁੱਕਿਆ।

Related Articles

Leave a Reply

Your email address will not be published. Required fields are marked *

Back to top button