ਜਿਨ੍ਹਾਂ ਦੀਆਂ ਸੁਰਾਂ ’ਤੇ ਨੱਚਿਆ ਸਾਰਾ ਪੰਜਾਬ, ਆਖ਼ਰ ਕੈਂਸਰ ਦੀ ‘ਤਾਲ’ ਨੇ ਲੈ ਲਈ ਜਾਨ
ਜਾਣੋ ਸੰਗੀਤ ਸਮਰਾਟ ਅਹੂਜਾ ਦਾ ਸਫਰ

ਬਰਨਾਲਾ, 23 ਸਤੰਬਰ: ਐਤਵਾਰ ਦੇਰ ਸ਼ਾਮ ਇਸ ਦੁਖਦਾਇਕ ਖ਼ਬਰ ਨੇ ਸੰਗੀਤਕ ਖੇਤਰ ’ਚ ਸਭ ਦੇ ਦਿਲੋਂ ਹੋਕਾ ਅਤੇ ਨੈਣੋਂ ਨੀਰ ਵਹਾ ਦਿੱਤਾ। ਸੰਗੀਤ ਸਮਰਾਟ ਚਰਨਜੀਤ ਅਹੂਜਾ ਨੇ ਪੰਜਾਬੀ ਲੋਕ ਗਾਇਕੀ ਨਾਲ ਆਪਣੇ ਸੁਰਾਂ ਨਾਲ ਸਜਾ ਕੇ ਪੰਜਾਬ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਲਈ ਪੂਰੀ ਜ਼ਿੰਦਗੀ ਸੰਗੀਤ ਦੇ ਲੇਖੇ ਲਾ ਦਿੱਤੀ। ‘ਕਾਲੀ ਗਾਨੀ ਮਿੱਤਰਾਂ ਦੀ, ਰਾਤੀਂ ਟੁੱਟ ਗਈ ਨੀਂਦ ਨਾ ਆਈ, ਮਿੱਤਰਾਂ ਨੇ ਬਿੱਲੋ ਅੱਜ ਨੱਚਣਾ, ਕਿਹੜੀ ਗੱਲੋਂ ਸਾਥੋਂ ਦੂਰ ਦੂਰ ਰਹਿਣੇ ਓ’ ਆਦਿ ਉਨ੍ਹਾਂ ਦੇ ਸੈਂਕੜੇ ਗੀਤਾਂ ਨੂੰ ਬਾਲੀਵੁੱਡ ਨੇ ਆਪਣੇ ਰੰਗ ’ਚ ਉਨ੍ਹਾਂ ਦੀਆਂ ਤਰਜਾਂ ਨੂੰ ਲੋਕਾਂ ਦੇ ਰੂਬਰੂ ਕਰਵਾਇਆ। ਉਨ੍ਹਾਂ ਦਾ ਇਸ ਫਾਨੀ ਸੰਸਾਰ ਤੋਂ ਚਲੇ ਜਾਣ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਦਿਲਜੀਤ ਸਿੰਘ ਦੁਸਾਂਝ ਤੱਕ ਹਰ ਸੰਗੀਤਕ ਖੇਤਰ ਨਾਲ ਜੁੜੇ ਲੋਕ, ਉਨ੍ਹਾਂ ਦੇ ਪੁੱਤਰ ਪ੍ਰਸਿੱਧ ਸੰਗੀਤਕਾਰ ਸਚਿਨ ਅਹੂਜਾ ਨਾਲ ਦੁੱਖ ’ਚ ਸ਼ਰੀਕ ਹੋਏ। ਚਰਨਜੀਤ ਅਹੂਜਾ ਵੱਲੋਂ ਪੰਜਾਬੀ ਫ਼ਿਲਮ ‘ਕੀ ਬਣੂੰ ਦੁਨੀਆਂ ਦਾ’, ‘ਗੱਭਰੂ ਪੰਜਾਬ ਦਾ’, ‘ਦੁਸ਼ਮਣੀ ਜੱਟਾਂ ਦੀ’, ‘ਤੁਫ਼ਾਨ ਸਿੰਘ ਆਦਿ’ ਕਈ ਪੰਜਾਬੀ ਫਿਲਮਾਂ ਸਣੇ ਸੈਂਕੜੇ ਹੀ ਗੀਤਾਂ ਨੂੰ ਤਰਜਮਾਨ ਕੀਤਾ। ਉਨ੍ਹਾਂ ਸੰਗੀਤਕ ਖੇਤਰ ’ਚ ਕਈ ਨਵੇਂ ਹੀਰਿਆਂ ਦੀ ਪਰਖ ਕਰ ਕੇ ਉਨ੍ਹਾਂ ਅਜਿਹਾ ਤਰਾਸ਼ਿਆ ਕਿ ਉਹ ਹਰਫ਼ਨਮੌਲਾ ਕਲਾਕਾਰ ਵਜੋਂ ਸਥਾਪਤ ਹੋਏ। ਸੰਗੀਤ ਸਮਰਾਟ ਚਰਨਜੀਤ ਅਹੂਜਾ ਦਾ ਚਲੇ ਜਾਣਾ ਸੰਗੀਤਕ ਖੇਤਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ, ਅਹੂਜਾ ਵੱਲੋਂ ਬਣਾਈਆਂ ਧੁਨਾਂ ਹਮੇਸ਼ਾ ਪੰਜਾਬੀਆਂ ਦੇ ਦਿਲਾਂ ’ਤੇ ਰਾਜ ਕਰਦੀਆਂ ਰਹਿਣਗੀਆਂ। ਸਚਿਨ ਅਹੂਜਾ ਸਮੇਤ ਪਰਿਵਾਰ ਤੇ ਚਾਹੁਣ ਵਾਲਿਆਂ ਨਾਲ ਦਿਲੋਂ ਹਮਦਰਦੀ, ਪ੍ਰਮਾਤਮਾ ਰੂਹ ਨੂੰ ਚਰਨਾਂ ’ਚ ਥਾਂ ਦੇਣ।
ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ
‘ਸੰਗੀਤ ਦੇ ਖੇਤਰ ਨੂੰ ਵਾਧੇ ਵੱਲ ਲਿਜਾਣ ਲਈ ਜਿੱਡਾ ਯੋਗਦਾਨ ਸੰਗੀਤਕਾਰ ਚਰਨਜੀਤ ਅਹੂਜਾ ਨੇ ਪਾਇਆ ਹੈ, ਸ਼ਾਇਦ ਹੀ ਕਿਸੇ ਨੇ ਇੰਨਾ ਵੱਡਾ ਤਹੱਈਆ ਕੀਤਾ ਹੋਵੇ, ਉਨ੍ਹਾਂ ਦਾ ਬਣਾਇਆ ਹੋਇਆ ਸੰਗੀਤ ਸਾਡੇ ਨਾਲ ਹੈ, ਹਮੇਸ਼ਾ ਸਾਡੇ ਨਾਲ ਰਹੇਗਾ, ਉਹ ਸੰਗੀਤ ਦੇ ਖੇਤਰ ’ਚ ਲੀਜੈਂਡ ਸਨ।
ਪ੍ਰਸਿੱਧ ਅਦਾਕਾਰ ਤੇ ਗਾਇਕ ਦਿਲਜੀਤ ਦੁਸਾਂਝ
‘ਅੱਜ ਸੰਗੀਤ ਦੀ ਦੁਨੀਆ ਦਾ ਬਹੁਤ ਵੱਡਾ ਨਾਂ ਅਤੇ ਸਾਡੇ ਗੁਰੂ ਚਰਨਜੀਤ ਅਹੂਜਾ ਸਾਡੇ ਤੋਂ ਦੂਰ ਚਲੇ ਗਏ ਹਨ। ਉਨ੍ਹਾਂ ਵੱਲੋਂ ਸੰਗੀਤ ਖੇਤਰ ’ਚ ਸਥਾਪਤ ਕੀਤੇ ਵੱਡੇ ਕੀਰਤੀਮਾਨ ਨੂੰ ਹਮੇਸ਼ਾ ਦੁਨੀਆ ਯਾਦ ਰੱਖੇਗੀ। ਉਹ ਪੰਜਾਬੀ ਸੰਗੀਤ ਖੇਤਰ ਦੇ ਇਕਲੌਤੇ ਸੰਗੀਤ ਸਮਰਾਟ ਸਨ। ਅਸੀਂ ਅਹੂਜਾ ਪਰਿਵਾਰ ਦੇ ਦੁੱਖ ’ਚ ਸ਼ਾਮਲ ਹਾਂ।
ਪ੍ਰਸਿਧ ਗਾਇਕ ਮਾਸਟਰ ਸਲੀਮ
‘ਚਰਨਜੀਤ ਅਹੂਜਾ ਦੇ ਦੁਨੀਆ ਤੋਂ ਚਲੇ ਜਾਣ ਦੀ ਖ਼ਬਰ ਨੇ ਅਚਾਨਕ ਹੌਲ਼ ਜਿਹਾ ਪਾ ਦਿੱਤਾ, ਧੁਰ ਅੰਦਰ ਤੱਕ ਝਿੰਜੋੜਿਆ ਗਿਆ ਅਤੇ ਆਪ-ਮੁਹਾਰੇ ਹਾਅ ਨਿਕਲੀ, ਨਹੀਂ ਲੱਭਣਾ ਕੋਈ ਹੋਰ ਚਰਨਜੀਤ, ਉਹਦੇ ਵਰਗਾ ਓਹੀ ਸੀ। ਵਿਰਲਿਆਂ ’ਚੋਂ ਵਿਰਲਾ, ਇਕ ਵਿਲੱਖਣ ਸੰਗੀਤਕ ਸੂਝ ਦਾ ਮਾਲਕ, ਸਾਜ, ਆਵਾਜ਼ ਅਤੇ ਸ਼ਬਦਾਂ ’ਚ ਜਾਨ ਪਾ ਕੇ ਦਿਲ ਧੜਕਾ ਦੇਣ ਵਾਲਾ ਅਤੇ ਰੂਹ ਫੂਕ ਦੇਣ ਵਾਲਾ ਇਕ ਲਾਸਾਨੀ ਲਾਜਵਾਬ ਤੇ ਬਾਕਮਾਲ ਕਲਾਕਾਰ ਰੱਬੀ ਰੁਤਬੇ ਦੇ ਹਾਣ ਵਰਗਾ ਸੀ। ਉਸ ਦੀਆਂ ਸੰਗੀਤਕ ਧੁਨਾਂ ਰਹਿੰਦੀ ਦੁਨੀਆ ਤੱਕ ਸਰਸ਼ਾਰ ਕਰਦੀਆਂ ਰਹਿਣਗੀਆਂ।
ਪ੍ਰਸਿਧ ਗੀਤਕਾਰ ਬਾਬੂ ਸਿੰਘ ਮਾਨ
‘ਪੰਜਾਬੀ ਸੰਗੀਤ ਦਾ ਸੂਰਜ ਅਸਤ ਹੋ ਗਿਆ, ਪ੍ਰੋਫੈਸਰ ਮੋਹਨ ਸਿੰਘ ਹੁਣਾਂ ਨੂੰ ਪੰਜਾਬੀ ਦਾ ਯੁੱਗ ਪਲਟਾਊ ਕਵੀ ਕਿਹਾ ਗਿਆ ਸੀ, ਅਸੀਂ ਇਨ੍ਹਾਂ ਨੂੰ ਯੁਗ ਪਲਟਾਊ ਸੰਗੀਤਕਾਰ ਕਹਿ ਸਕਦੇ ਹਾਂ। ਭਾਵੇਂ ਇਹ ਕਿਸੇ ਹੋਰ ਸੰਸਾਰ ’ਚ ਚਲੇ ਗਏ ਪਰ ਸਾਡੇ ਦਿਲਾਂ ’ਚੋਂ ਕਦੇ ਵੀ ਨਹੀਂ ਜਾ ਸਕਦੇ। ਅਲਵਿਦਾ ਅਹੂਜਾ ਸਾਹਿਬ।
ਪ੍ਰਸਿੱਧ ਗਾਇਕ ਤੇ ਗੀਤਕਾਰ ਦੇਬੀ ਮਖਸੂਸਪੁਰੀ
‘ਸੰਗੀਤ ਦੇ ਸੁਨਹਿਰੀ ਯੁੱਗ ਦਾ ਅੰਤ, ਸੰਗੀਤ ਸਮਰਾਟ ਗੁਰੂ ਲੋਕ ਸਰੀਰਕ ਤੌਰ ’ਤੇ ਭਾਵੇਂ ਸਾਡੇ ਕੋਲੋਂ ਦੂਰ ਚਲੇ ਗਏ ਹਨ ਪਰ ਉਨ੍ਹਾਂ ਦੀਆਂ ਸੰਗੀਤਕ ਧੁਨਾਂ, ਤਰਜਾਂ, ਜੋ ਵੀ ਸੰਗੀਤ ਤੋਂ ਬਣਾ ਗਏ, ਉਹ ਹਰ ਪਲ ਸਾਡੇ ਕੋਲ ਰਹੇਗਾ ਅਤੇ ਅਸੀਂ ਉਸ ਵਿਚ ਹਮੇਸ਼ਾ ਜਿਉਂਦੇ ਰਹਾਂਗੇ।
ਪ੍ਰਸਿੱਧ ਗਾਇਕ ਜਸਵੀਰ ਜੱਸੀ
‘ਪੰਜਾਬੀ ਸੰਗੀਤ ਦੇ ਮਹਾਨ ਉਸਤਾਦ ਚਰਨਜੀਤ ਅਹੂਜਾ ਜੀ ਚਲੇ ਗਏ ਹਨ, ਪੰਜਾਬੀ ਸੰਗੀਤ ਜਗਤ ਉਨ੍ਹਾਂ ਨੂੰ ਹਮੇਸ਼ਾ ਉਨ੍ਹਾਂ ਦੇ ਸੰਗੀਤਕ ਯਾਦੂ ਨਾਲ ਯਾਦ ਰੱਖੇਗਾ। ਇਹ ਸੰਗੀਤ ਦੁਨੀਆ ’ਚ ਨਾ ਪੂਰਾ ਹੋਣ ਵਾਲਾ ਘਾਟਾ ਹੈ। ਗੀਤਾਂ ਦੀਆਂ ਤਰਜਾਂ ਬਣਾਉਣ ਵਾਲੇ ਅਹੂਜਾ ਸਾਹਿਬ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।
ਪ੍ਰਸਿਧ ਗੀਤਕਾਰ ਜੈ ਦੇਵ ਕੁਮਾਰ
‘ਸੰਗੀਤ ਜਗਤ ਦੇ ਮਹਾਨ ਉਸਤਾਦ ਸੰਗੀਤ ਦੇ ਸਮਰਾਟ ਚਰਨਜੀਤ ਅਹੂਜਾ ਸਰੀਰਕ ਤੌਰ ’ਤੇ ਸਾਡੇ ਤੋਂ ਵਿਛੜ ਗਏ ਹਨ ਪਰ ਉਨ੍ਹਾਂ ਦੀਆਂ ਬਣਾਈਆਂ ਸੰਗੀਤਕ ਧੁਨਾਂ ਦਾ ਯਾਦੂ ਹਮੇਸ਼ਾ ਸਾਡੇ ਨਾਲ ਰਹੇਗਾ। ਸੰਗੀਤਕ ਤੇ ਫਿਲਮ ਜਗਤ ’ਚ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਮੈਂ ਹਮੇਸ਼ਾ ਅਹੂਜਾ ਪਰਿਵਾਰ ਦੇ ਦੁੱਖ ’ਚ ਸ਼ਰੀਕ ਰਹਾਂਗਾ।
ਪ੍ਰਸਿੱਧ ਗਾਇਕ ਤੇ ਅਦਾਕਾਰ ਗੁਰਦਾਸ ਮਾਨ
‘ਸੰਗੀਤ ਦਾ ਜੋ ਮੁਹਾਂਦਰਾ ਸਾਡੇ ਸਾਹਮਣੇ ਹੈ, ਸੰਗੀਤ ਦੀ ਨਵੀਂ ਤਕਨੀਕ ਜੋ ਸਾਡੇ ਮੂਹਰੇ ਹੈ, ਉਸ ਨੂੰ ਲਿਆਉਣ ਵਾਲੇ ਚਰਨਜੀਤ ਅਹੂਜਾ ਸਨ, ਬੇਹੱਦ ਚੰਗੇ ਕੰਪੋਜ਼ਰ, ਮਿਊਜ਼ਿਕ ਪ੍ਰੋਡਿਊਸਰ ਤੇ ਹਮੇਸ਼ਾ ਹੀ ਟੇਲੈਂਟ ਨੂੰ ਲੱਭਣ ਵਾਲੇ, ਦੂਰ-ਦੁਰਾਡੇ ਤੋਂ ਹੀਰੇ ਨੂੰ ਲੱਭਣ ਵਾਲੇ ਜੌਹਰੀ ਸਨ, ਉਨ੍ਹਾਂ ਨੂੰ ਗੀਤ ਗਵਾਉਣੇ ਆਉਂਦੇ ਸਨ। ਸੰਸਾਰ ਤੋਂ ਉਨ੍ਹਾਂ ਦੇ ਚਲੇ ਜਾਣ ਕਾਰਣ ਅੱਜ ਦਾ ਦਿਨ ਬਹੁਤ ਦੁੱਖ ਭਰਿਆ ਹੋ ਗਿਆ ਹੈ।
ਦੀਪਕ ਬਾਲੀ ਸਲਾਹਕਾਰ ਕਲਚਰ ਐਂਡ ਟੂਰਿਜਮ ਪੰਜਾਬ ਸਰਕਾਰ
‘ਗੁਰੂ ਦਾ ਦਰਜਾ ਰੱਖਣ ਵਾਲੀ •ਸ਼ਖਸੀਅਤ ਚਰਨਜੀਤ ਅਹੂਜਾ ਸੰਗੀਤ ਸਮਰਾਟ ਅੱਜ ਇਸ ਫਾਨੀ ਸੰਸਾਰ ਤੋਂ ਚਲੇ ਗਏ ਹਨ, ਕਿਹੜੇ ਗਾਇਕ ਨੂੰ ਕਿਸ ਤਰਜ ’ਚ ਗਵਾਉਣਾ ਹੈ, ਇਹ ਰਮਜ ਸਿਰਫ ਅਹੂਜਾ ਸਾਹਿਬ ਕੋਲ ਹੀ ਸੀ। ਉਨ੍ਹਾਂ ਦਾ ਨਾਂ ਰਹਿੰਦੀ ਦੁਨੀਆ ਤੱਕ ਅਮਰ ਰਹੇਗਾ।



