ਜਾਅਲੀ ਭਰਤੀ ਬਾਰੇ ਰਿਪੋਰਟ ਗਾਇਬ ਕਰਨ ਦੇ ਮਾਮਲੇ ਦੀ ਜਾਂਚ ਖੁੱਲ੍ਹੀ, ਰਿਪੋਰਟ ਦੇ ਅਹਿਮ ਤੇ ਪਹਿਲੇ ਅੱਠ ਪੰਨੇ ਮਿਲੇ ਸੀ ਗਾਇਬ

ਪਟਿਆਲਾ,5 ਜੁਲਾਈ : ਪੰਜਾਬੀ ਯੂਨੀਵਰਸਿਟੀ ਦੀ ਸੁਰੱਖਿਆ ਸ਼ਾਖਾ ’ਚ ਜਾਅਲੀ ਭਰਤੀ ਬਾਰੇ ਰਿਪੋਰਟ ਗਾਇਬ ਕਰਨ ਦੇ ਮਾਮਲੇ ਦੀ ਜਾਂਚ ਰਿਪੋਰਟ ਖੁੱਲ੍ਹ ਗਈ ਹੈ, ਜਿਸ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸ਼ਨ ਨੇ ਵਿਭਾਗੀ ਤੇ ਪੁਲਿਸ ਕਾਰਵਾਈ ਦੀ ਤਿਆਰੀ ਵੀ ਕਰ ਲਈ ਹੈ। ਇਸ ਮਾਮਲੇ ਸਬੰਧੀ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਦਾ ਕਹਿਣਾ ਹੈ ਕਿ ਜਾਂਚ ਰਿਪੋਰਟ ਮਿਲੀ ਹੈ, ਇਸ ਦੇ ਤੱਥਾਂ ਬਾਰੇ ਕੁਝ ਦੱਸਿਆ ਨਹੀਂ ਜਾ ਸਕਦਾ ਹੈ ਪਰ ਕੁਝ ਲੋੜ ਅਨੁਸਾਰ ਕਾਰਵਾਈ ਲਈ ਸਬੰਧਤ ਸ਼ਾਖਾ ਨੂੰ ਭੇਜੀ ਗਈ ਹੈ। ਸਰਕਾਰੀ ਦਸਤਾਵੇਜ਼ ਨਾਲ ਛੇੜਛਾੜ ਪੁਲਿਸ ਕਾਰਵਾਈ ਕਰਨ ਦੇ ਸਵਾਲ ’ਤੇ ਵੀਸੀ ਨੇ ਕਿਹਾ ਕਿ ਇਹ ਵੀ ਸੰਭਵ ਹੈ ਕੁਝ ਦਿਨਾਂ ਵਿਚ ਸਭ ਕੁਝ ਸਾਹਮਣੇ ਆ ਜਾਵੇਗਾ। ਜਾਣਕਾਰੀ ਅਨੁਸਾਰ ਯੂਨੀਵਰਸਿਟੀ ਦੀ ਸੁਰੱਖਿਆ ਸ਼ਾਖਾ ’ਚ ਜਾਅਲੀ ਭਰਤੀ ਦੀ ਜਾਂਚ ਰਿਪੋਰਟ ਕਮੇਟੀ ਵਲੋਂ ਜੁਲਾਈ 2024 ’ਚ ਵਾਈਸ ਚਾਂਸਲਰ ਦਫਤਰ ’ਚ ਜਮ੍ਹਾਂ ਕਰਵਾਈ ਗਈ, ਜਿਸ ’ਚ 14 ਪੰਨੇ ਜਾਂਚ ਰਿਪੋਰਟ ਤੇ 120 ਤੋਂ ਵੱਧ ਪੰਨੇ ਸ਼ਿਕਾਇਤ ਤੇ ਵੱਖ-ਵੱਖ ਤੱਥਾਂ ਬਾਰੇ ਸ਼ਾਮਲ ਸਨ। ਉਸ ਸਮੇਂ ਦੇ ਕਾਰਜਕਾਰੀ ਵਾਈਸ ਚਾਂਸਲਰ ਤੇ ਪ੍ਰਮੁੱਖ ਸਕੱਤਰ ਕੇਕੇ ਯਾਦਵ ਵਲੋਂ ਇਸ ਲਿਫਾਫੇ ਨੂੰ ਪੱਕੇ ਵੀਸੀ ਤੋਂ ਖੁੱਲ੍ਹਵਾਉਣ ਦੀ ਗੱਲ ਕਹੀ ਗਈ ਤੇ ਰਿਪੋਰਟ ਨੂੰ ਇਕ ਪਾਸੇ ਰੱਖ ਦਿੱਤਾ ਗਿਆ। ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਵੀਸੀ ਡਾ. ਕਰਮਜੀਤ ਸਿੰਘ ਵਲੋਂ ਪੰਜਾਬੀ ਯੂਨੀਵਰਸਿਟੀ ਦੇ ਵੀਸੀ ਦਾ ਵੀ ਵਾਧੂ ਕਾਰਜਭਾਰ ਸਾਂਭਣ ਤੋਂ ਬਾਅਦ ਜਾਂਚ ਰਿਪੋਰਟ ਵਿਜੀਲੈਂਸ ਕੋਲ ਭੇਜਣ ਲਈ ’ਵਰਸਿਟੀ ਦੀ ਸਬੰਧਤ ਸ਼ਾਖਾ ਨੂੰ ਭੇਜ ਦਿੱਤਾ ਗਿਆ ਸੀ। ਸਬੰਧਤ ਬ੍ਰਾਂਚ ਵਲੋਂ ਜਦੋਂ ਅਗਲੀ ਕਾਰਵਾਈ ਲਈ ਲਿਫਾਫਾ ਖੋਲਿਆ ਗਿਆ ਤਾਂ ਜਾਂਚ ਰਿਪੋਰਟ ਦੇ ਅਹਿਮ ਅਤੇ ਪਹਿਲੇ ਅੱਠ ਪੰਨੇ ਗਾਇਬ ਪਾਏ ਗਏ। ਘਪਲੇ ਦੀ ਫਾਈਲ ਨਾਲ ਹੋਈ ਛੇੜਛਾੜ ਸਬੰਧੀ ਯੂਨੀਵਰਸਿਟੀ ਵਲੋਂ ਕਮੇਟੀ ਦਾ ਗਠਨ ਕਰ ਕੇ ਜਾਂਚ ਸ਼ੁਰੂ ਕੀਤੀ ਗਈ। ਇਸ ਦੌਰਾਨ ਵਾਈਸ ਚਾਂਸਲਰ ਦਫ਼ਤਰ ਦੇ ਡਿਪਟੀ ਰਜਿਸਟਰਾਰ ਸਣੇ ਹੋਰ ਕਰਮਚਾਰੀਆਂ ਤੋਂ ਪੁੱਛ ਪੜਤਾਲ ਕਰਨ ਦੇ ਨਾਲ ਇਹਨਾਂ ਦੇ ਬਿਆਨ ਵੀ ਕਲਮਬੱਧ ਕੀਤੇ ਗਏ। ਸਾਰੇ ਤੱਥਾਂ ਦੀ ਪੜਚੋਲ ਤੋਂ ਬਾਅਦ ਜਾਂਚ ਕਮੇਟੀ ਵੱਲੋਂ ਮੁਕੰਮਲ ਰਿਪੋਰਟ ਕਰੀਬ ਇੱਕ ਹਫਤਾ ਪਹਿਲਾਂ ਵਾਈਸ ਚਾਂਸਲਰ ਕੋਲ ਪੇਸ਼ ਕੀਤੀ ਗਈ ਹੈ।
ਡਿਪਟੀ ਰਜਿਸਟਰਾਰ ਸਮੇਤ ਤਿੰਨ ਦੀ ਬਦਲੀ
ਸ਼ੁੱਕਰਵਾਰ ਨੂੰ ਵਾਈਸ ਚਾਂਸਲਰ ਦਫ਼ਤਰ ਦੇ ਡਿਪਟੀ ਰਜਿਸਟਰਾਰ ਸਮੇਤ ਤਿੰਨ ਜਣਿਆਂ ਦੀ ਬਦਲੀ ਕਰ ਦਿੱਤੀ ਗਈ ਹੈ। ਸੂਤਰਾਂ ਅਨੁਸਾਰ ਡਿਪਟੀ ਰਜਿਸਟਰਾਰ ਰਣਜੀਤ ਸਿੰਘ ਨੂੰ ਪ੍ਰੀਖਿਆ ਸ਼ਾਖਾ ਭੇਜ ਦਿੱਤਾ ਗਿਆ ਹੈ। ਇਸ ਦੀ ਜਗ੍ਹਾ ਤੇ ਹਰਮਿੰਦਰਪਾਲ ਸਿੰਘ ਸੈਣੀ ਵੀਸੀ ਦਫ਼ਤਰ ’ਚ ਇਹ ਅਹੁਦਾ ਸਾਂਭਣਗੇ। ਵੀਸੀ ਦਫ਼ਤਰ ਦੀ ਇਕ ਮਹਿਲਾ ਸੀਨੀਅਰ ਸਹਾਇਕ ਨੂੰ ਲੇਖ ਸ਼ਾਖਾ ਤੇ ਇਕ ਚੌਥਾ ਦਰਜਾ ਮੁਲਾਜ਼ਮ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ।



