Punjab

ਜ਼ੀਰਾ ਨੇੜੇ ਭਿਆਨਕ ਸੜਕ ਹਾਦਸਾ ’ਚ ਭਰਾ ਦੀ ਮੌਤ, ਦੂਜਾ ਜ਼ਖ਼ਮੀ

ਜ਼ੀਰਾ, 10 ਜਨਵਰੀ : ਸੰਘਣੀ ਧੁੰਦ ਨੇ ਕਹਿਰ ’ਚ ਬੀਤੀ ਦੇਰ ਰਾਤ ਜ਼ੀਰਾ-ਫਿਰੋਜ਼ਪੁਰ ਰੋਡ ’ਤੇ ਸਥਿਤ ਪਿੰਡ ਫੇਰੋਕੇ ਦੇ ਨਜ਼ਦੀਕ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਇੱਕ ਵਿਅਕਤੀ ਦੀ ਜਾਨ ਚਲੀ ਗਈ, ਜਦਕਿ ਉਸਦਾ ਭਰਾ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਇਹ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਰਖਾਈ ਦੇ ਰਹਿਣ ਵਾਲੇ ਦੋ ਸਕੇ ਭਰਾ, ਜਗਸੀਰ ਸਿੰਘ ਅਤੇ ਸੁਖਚੈਨ ਸਿੰਘ ਪੁੱਤਰ ਸੁਖਦੇਵ ਸਿੰਘ ਦੇਰ ਰਾਤ ਆਪਣੀ ਇੰਡੀਕਾ ਕਾਰ ਪੀਬੀ 10 ਡੀਯੂ 9991 ਵਿਚ ਸਵਾਰ ਹੋ ਕੇ ਜ਼ੀਰਾ ਤੋਂ ਆਪਣੇ ਪਿੰਡ ਪਰਤ ਰਹੇ ਸਨ। ਜਦੋਂ ਉਹ ਪਿੰਡ ਫੇਰੋਕੇ ਦੇ ਕੋਲ ਪਹੁੰਚੇ ਤਾਂ ਸੰਘਣੀ ਧੁੰਦ ਕਾਰਨ ਸਾਹਮਣੇ ਤੋਂ ਆ ਰਹੇ ਇਕ ਤੇਜ਼ ਰਫਤਾਰ ਟਰੱਕ ਐੱਚਆਰ 57 ਏ 6800 ਨਾਲ ਉਨ੍ਹਾਂ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਟੱਕਰ ਵਿਚ ਜਗਸੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੂਜੇ ਭਰਾ ਸੁਖਚੈਨ ਸਿੰਘ ਨੂੰ ਬੇਹੱਦ ਗੰਭੀਰ ਹਾਲਤ ਵਿਚ ਜ਼ੀਰਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸਨੂੰ ਫਰੀਦਕੋਟ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ ਹੈ। ਇਸੇ ਤਰ੍ਹਾਂ ਸੜਕ ’ਤੇ ਖੜ੍ਹੇ ਹਾਦਸਾਗ੍ਰਸਤ ਟਰੱਕ ਕਾਰਨ ਇਕ ਹੋਰ ਦੁਰਘਟਨਾ ਵਾਪਰ ਗਈ। ਅਬੋਹਰ ਦੇ ਪਿੰਡ ਵਰਿਆਮ ਖੇੜਾ ਤੋਂ ਕਿੰਨੂਆਂ ਨਾਲ ਲੱਦੀ ਇਕ ਮਹਿੰਦਰਾ ਪਿੱਕਅੱਪ ਪੀਬੀ 10 ਐੱਚਕਓ 4146, ਜਿਸ ਨੂੰ ਜੈਪਾਲ ਪੁੱਤਰ ਰਜਿੰਦਰ ਕੁਮਾਰ ਚਲਾ ਰਿਹਾ ਸੀ, ਧੁੰਦ ਕਾਰਨ ਸੜਕ ਵਿਚਾਲੇ ਖੜ੍ਹੇ ਉਸੇ ਟਰੱਕ ਨੂੰ ਦੇਖ ਨਹੀਂ ਸਕਿਆ ਅਤੇ ਪਿੱਛੋਂ ਜਾ ਟਕਰਾਇਆ। ਇਸ ਦੂਜੇ ਹਾਦਸੇ ਵਿਚ ਪਿਕਅੱਪ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ, ਪਰ ਖੁਸ਼ਕਿਸਮਤੀ ਨਾਲ ਕੋਈ ਹੋਰ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਜ਼ੀਰਾ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਅਧਿਕਾਰੀਆਂ ਅਨੁਸਾਰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button