
ਜ਼ੀਰਾ, 31 ਮਈ- : ਜ਼ੀਰਾ ਦੇ ਪਿੰਡ ਮਨਸੂਰਵਾਲ (ਛੋਟਾ) ਨਜ਼ਦੀਕ ਇੱਕ ਪਤੀ ਵੱਲੋਂ ਆਪਣੀ ਪਤਨੀ ਨੂੰ ਕਾਪੇ ਨਾਲ ਜ਼ਖ਼ਮੀ ਕਰਕੇ ਨਹਿਰ ਵਿਚ ਸੁੱਟਣ ਦੀ ਖਬਰ ਮਿਲੀ ਹੈ। ਇਸ ਸਬੰਧੀ ਸਿਵਲ ਹਸਪਤਾਲ ਜ਼ੀਰਾ ਵਿਖੇ ਜਾਣਕਾਰੀ ਦਿੰਦਿਆਂ ਜਸਵਿੰਦਰ ਕੌਰ (31) ਪਤਨੀ ਗੁਰਪ੍ਰੀਤ ਸਿੰਘ ਪਿੰਡ ਕਾਲੀਏ ਵਾਲਾ ਨੇ ਦੱਸਿਆ ਕਿ ਉਸਦੇ ਪਤੀ ਗੁਰਪ੍ਰੀਤ ਸਿੰਘ ਦੇ ਲੰਮੇ ਸਮੇਂ ਤੋਂ ਕਿਸੇ ਔਰਤ ਨਾਲ ਸਬੰਧ ਸਨ ਅਤੇ ਉਨ੍ਹਾਂ ਨੇ 2019 ਵਿਚ ਪੇਪਰ ਮੈਰਿਜ ਕਰਵਾ ਲਈ ਸੀ ਅਤੇ ਉਹ ਮੱਧ ਪ੍ਰਦੇਸ਼ ਵਿਖੇ ਰਹਿ ਰਹੇ ਸਨ। ਜਸਵਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੀਆਂ ਦੋ ਲੜਕੀਆਂ ਅਤੇ ਇੱਕ ਲੜਕੇ ਨਾਲ ਪਿੰਡ ਦੁਨੇਕੇ (ਮੋਗਾ) ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਸੀ ਅਤੇ ਇਕ ਪ੍ਰਾਈਵੇਟ ਫੈਕਟਰੀ ਵਿਚ ਕੰਮ ਕਰਕੇ ਬੱਚੇ ਪਾਲ ਰਹੀ ਸੀ। ਉਸਨੇ ਅੱਗੇ ਦੱਸਿਆ ਕਿ 20 ਦਿਨ ਪਹਿਲਾਂ ਉਸਦਾ ਪਤੀ ਉਸਦੇ ਪੰਜ ਸਾਲ ਦੇ ਲੜਕੇ ਨੂੰ ਮਿਲਣ ਲਈ ਆਇਆ ਅਤੇ ਗੁਰਦੁਆਰਾ ਸਾਹਿਬ ਜਾਣ ਦਾ ਬਹਾਨਾ ਲਾ ਕੇ ਉਸਨੂੰ ਨਾਲ ਲੈ ਗਿਆ,ਜਦ ਉਸਨੇ ਲੜਕੇ ਨੂੰ ਛੱਡ ਕੇ ਜਾਣ ਲਈ ਕਿਹਾ ਤਾਂ ਉਸਦਾ ਪਤੀ ਉਸਨੂੰ ਧਮਕੀਆਂ ਦੇਣ ਲੱਗ ਗਿਆ ਕਿ ਜੋ ਮਰਜ਼ੀ ਕਰ ਮੈਂ ਲੜਕਾ ਵਾਪਸ ਨਹੀਂ ਕਰਾਂਗਾ। ਜਸਵਿੰਦਰ ਕੌਰ ਨੇ ਦੱਸਿਆ ਕਿ ਉਸ ਨੇ ਇਸ ਸਬੰਧੀ ਪਿੰਡ ਦੀ ਪੰਚਾਇਤ ਨੂੰ ਸੂਚਿਤ ਕੀਤਾ ।ਪੰਚਾਇਤ ਵੱਲੋਂ ਉਸਦੇ ਪਤੀ ਨੂੰ ਫੋਨ ‘ਤੇ ਸਮਝਾਉਣ ਤੋਂ ਬਾਅਦ ਉਸਨੇ ਮੈਨੂੰ ਫੋਨ ਕੀਤਾ ਕਿ ਗੁਰਦੁਆਰਾ ਨਾਨਕਸਰ ਸਾਹਿਬ (ਜਗਰਾਓਂ) ਆ ਕੇ ਲੜਕੇ ਨੂੰ ਲੈ ਜਾ, ਜਦ ਉਹ ਉੱਥੇ ਗਈ ਤਾਂ ਉਸਦੇ ਪਤੀ ਨੇ ਉਸ ਨੂੰ ਗੱਡੀ ਵਿਚ ਬਿਠਾ ਲਿਆ ਅਤੇ ਕਿਸੇ ਸੁੰਨਸਾਨ ਜਗ੍ਹਾ ਲਿਜਾ ਕੇ ਉਸ ਉੱਪਰ ਕਾਪਿਆਂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਜ਼ਖ਼ਮੀ ਹਾਲਤ ਵਿਚ ਮੇਰੇ ਪਤੀ ਨੇ ਮੈਨੂੰ ਜ਼ੀਰਾ ਨਜ਼ਦੀਕ ਪਿੰਡ ਮਨਸੂਵਾਲ (ਛੋਟਾ) ਨਜ਼ਦੀਕ ਨਹਿਰ ਵਿੱਚ ਸੁੱਟ ਦਿੱਤਾ ਤੇ ਉਹ ਬੇਹੋਸ਼ ਹੋ ਗਈ। ਹੋਸ਼ ਆਉਣ ਤੇ ਉਸਨੇ ਰੌਲਾ ਪਾਇਆ ਤਾਂ ਇੱਕ ਰਾਹਗੀਰ ਵੱਲੋਂ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਲਿਆਂਦਾ ਗਿਆ, ਜਿੱਥੇ ਮੁੱਢਲੀ ਸਹਾਇਤਾ ਦੇਣ ਉਪਰੰਤ ਉਸਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਮੌਕੇ ਥਾਣਾ ਸਦਰ ਜ਼ੀਰਾ ਦੇ ਐੱਸਐੱਚਓ ਬਲਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮਾਮਲੇ ਸਬੰਧੀ ਜਾਣਕਾਰੀ ਮਿਲ ਗਈ ਹੈ, ਮਾਮਲੇ ਦੀ ਜਾਂਚ ਕਰਕੇ ਦੋਸ਼ੀ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।



