
ਜਸਵਿੰਦਰ ਸਿੰਘ ਸੰਧੂ
ਫ਼ਿਰੋਜ਼ਪੁਰ, 24 ਫ਼ਰਵਰੀ- ਅੱਜ ਜ਼ੀਰਾ ਦੇ ਰੇਲਵੇ ਰੋਡ ਤੇ ਕੰਡਾ ਜਵੈਲਰ ਦੇ ਸ਼ੋਅਰੂਮ ਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਚਲਾਈ ਗਈ ।ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 10 ਵਜੇ ਦੇ ਕਰੀਬ ਇੱਕ ਮੋਟਰਸਾਈਕਲ ’ਤੇ ਸਵਾਰ ਦੋ ਅਣਪਛਾਤੇ ਵਿਅਕਤੀ ਕੋਟ ਈਸੇ ਖਾਂ ਸੜਕ ਵੱਲੋਂ ਆਏ ਅਤੇ ਜ਼ੀਰਾ ਦੇ ਰੇਲਵੇ ਰੋਡ ਮੇਨ ਬਜ਼ਾਰ ਵਿੱਚ ਇੱਕ ਹਵਾਈ ਫਾਇਰ ਕਰਨ ਤੋਂ ਬਾਅਦ ਰੇਲਵੇ ਰੋਡ ਜ਼ੀਰਾ ’ਤੇ ਹੀ ਸੁਖਵਿੰਦਰ ਸਿੰਘ ਕੰਡਾ ਦੇ ਕੰਡਾ ਜਵੈਲਰ ਸ਼ੋਅਰੂਮ ਤੇ ਫਾਇਰ ਕੀਤਾ ਜੋ ਸ਼ੋਅਰੂਮ ਦੇ ਸ਼ੀਸ਼ੇ ਤੇ ਲੱਗਾ ।ਦੁਕਾਨਦਾਰਾਂ ਦੇ ਰੌਲਾ ਪਾਉਣ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਸ਼ੋਅਰੂਮ ਵਿੱਚ ਮੌਜ਼ੂਦ ਸੁਖਵਿੰਦਰ ਸਿੰਘ ਕੰਡਾ ਦੇ ਭਰਾ ਸੋਨੂੰ ਕੰਡਾ ਅਤੇ ਸ਼ੋਅਰੂਮ ਦੇ ਮੁਲਾਜ਼ਮਾਂ ਨੇ ਸ਼ਟਰ ਥੱਲੇ ਸੁੱਟ ਕੇ ਮਸਾਂ ਆਪਣੀ ਜਾਨ ਬਚਾਈ। ਇਸ ਦੌਰਾਨ ਸ਼ਹਿਰ ਦੇ ਲੋਕਾਂ ਅਤੇ ਦੁਕਾਨਦਾਰਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ।ਮੌਕੇ ’ਤੇ ਪਹੁੰਚੇ ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਕਾਂਗਰਸ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਰੋਸ ਜਾਹਰ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੱਡੇ- ਵੱਡੇ ਦਾਅਵੇ ਕੀਤੇ ਸਨ ਕਿ ਮਾੜੇ ਅਨਸਰਾਂ ਨੂੰ ਪੰਜਾਬ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ,ਪਰ ਪੰਜਾਬ ਦੇ ਹਾਲਾਤ ਇਨੇ ਵਿਗੜ ਚੁੱਕੇ ਹਨ ਕਿ ਚੰਗੇ ਲੋਕਾਂ ਨੂੰ ਹੀ ਪੰਜਾਬ ਛੱਡਣਾ ਪੈ ਰਿਹਾ ਹੈ । ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਆਏ ਦਿਨ ਗੋਲੀ ਚੱਲਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਪਰ ਪੁਲੀਸ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ ।ਜ਼ੀਰਾ ਨੇ ਕਿਹਾ ਕਿ ਲੋਕ ਪੁਲੀਸ ਤੋਂ ਹੁਣ ਕੋਈ ਉਮੀਦ ਨਾ ਰੱਖਣ ਲਾਇਸੰਸੀ ਹਥਿਆਰ ਰੱਖ ਕੇ ਆਪਣਾ ਬਚਾਅ ਆਪ ਕਰਨ। ਕੁਲਬੀਰ ਸਿੰਘ ਜ਼ੀਰਾ ਅਤੇ ਸੁਨਿਆਰ ਯੂਨੀਅਨ ਦੇ ਪ੍ਰਧਾਨ ਰਘਬੀਰ ਸਿੰਘ ਨੇ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਸ਼ਾਮ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਅਣਮਿੱਥੇ ਸਮੇਂ ਲਈ ਜ਼ੀਰਾ ਦੇ ਬਜ਼ਾਰ ਬੰਦ ਕਰਕੇ ਪੁਲੀਸ ਪ੍ਰਸ਼ਾਸਨ ਖਿਲਾਫ ਰੋਸ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਥਾਣਾ ਸਿਟੀ ਜ਼ੀਰਾ ਦੇ ਐੱਸਐੱਚਓ ਕੰਵਲਜੀਤ ਰਾਏ ਸ਼ਰਮਾ ਨੇ ਕਿਹਾ ਕਿ ਘਟਨਾ ਸਥਾਨ ਤੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ, ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।



