
ਜ਼ੀਰਕਪੁਰ, 15 ਸਤੰਬਰ : ਸ਼ਹਿਰ ’ਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਹਾਲਾਤ ਅਜਿਹੇ ਹਨ ਕਿ ਬੇਖ਼ੌਫ਼ ਚੋਰਾਂ ਨੇ ਹੁਣ ਦੁਕਾਨਾਂ ਤੇ ਘਰਾਂ ਦੇ ਨਾਲ-ਨਾਲ ਮੰਦਰਾਂ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਐਤਵਾਰ ਸਵੇਰੇ ਲਗਭਗ 3 ਵਜੇ ਤਿੰਨ ਚੋਰਾਂ ਨੇ ਭਬਾਤ ਰੋਡ ‘ਤੇ ਸਥਿਤ ਅਗਰਵਾਲ ਇੰਟਰਪ੍ਰਾਈਜ਼ ਨਾਮਕ ਦੁਕਾਨ ਦਾ ਸ਼ਟਰ ਤੋੜ ਕੇ ਲੱਖਾਂ ਰੁਪਏ ਦੀਆਂ ਸਿਗਰਟਾਂ ਤੇ ਨਕਦੀ ਚੋਰੀ ਕਰ ਲਈ। ਚੋਰਾਂ ਦੀ ਇਹ ਹਰਕਤ ਦੁਕਾਨ ਦੇ ਬਾਹਰ ਤੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ। ਚੋਰਾਂ ਨੇ ਦੁਕਾਨ ਦਾ ਤਾਲਾ ਤੋੜਨ ਲਈ ਲਗਭਗ ਇਕ ਘੰਟੇ ਤਕ ਜੱਦੋ-ਜ਼ਹਿਦ ਕੀਤੀ। ਉਨ੍ਹਾਂ ਨੇ ਸ਼ਟਰ ਦੀ ਪੱਟੀ ਨੂੰ ਇਕ ਪਾਸੇ ਤੋਂ ਕੱਟਿਆ ਤੇ ਇਸ ਨੂੰ ਕਟਰ ਨਾਲ ਮੋੜਿਆ ਤੇ ਦੁਕਾਨ ’ਚ ਦਾਖ਼ਲ ਹੋਏ। ਜਿਸ ਸੜਕ ‘ਤੇ ਇਹ ਦੁਕਾਨ ਸਥਿਤ ਹੈ, ਉਸ ਸੜਕ ‘ਤੇ ਰਾਤ ਨੂੰ ਵੀ ਆਵਾਜਾਈ ਰਹਿੰਦੀ ਹੈ, ਪਰ ਚੋਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਿਨਾਂ ਕਿਸੇ ਡਰ ਦੇ ਫ਼ਰਾਰ ਹੋ ਗਏ। ਮਾਮਲੇ ਸਬੰਧੀ ਜਾਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਸੰਜੇ ਜੈਨ ਪੁੱਤਰ ਬਾਲਕ੍ਰਿਸ਼ਨ ਵਾਸੀ ਭਬਾਤ ਨੇ ਦੱਸਿਆ ਕਿ ਉਹ ਰਾਤ ਨੂੰ ਦੁਕਾਨ ਬੰਦ ਕਰ ਕੇ ਹਰ ਰੋਜ਼ ਵਾਂਗ ਘਰ ਚਲਾ ਗਿਆ ਸੀ। ਜਦੋਂ ਉਹ ਸਵੇਰੇ 8 ਵਜੇ ਦੇ ਕਰੀਬ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਸ਼ਟਰ ਟੁੱਟਿਆ ਹੋਇਆ ਸੀ। ਉਸ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਅੰਦਰ ਜਾਣ ਤੋਂ ਬਾਅਦ, ਉਸ ਨੂੰ ਪਤਾ ਲੱਗਿਆ ਕਿ ਦੁਕਾਨ ’ਚੋਂ ਮਹਿੰਗੇ ਸਿਗਰਟ ਦੇ ਪੈਕੇਟ ਅਤੇ ਲਗਭਗ ਇਕ ਲੱਖ ਰੁਪਏ ਦੀ ਨਕਦੀ ਚੋਰੀ ਹੋ ਗਈ ਹੈ। ਉਸ ਨੇ ਇਹ ਰਕਮ ਇਕ ਵਪਾਰੀ ਨੂੰ ਦੇਣੀ ਸੀ। ਸੀਸੀਟੀਵੀ ਫੁਟੇਜ ’ਚ ਸਾਫ਼ ਦਿਖਾਈ ਦੇ ਰਿਹਾ ਸੀ ਕਿ ਦੋ ਚੋਰ ਰਾਤ 1.30 ਵਜੇ ਦੇ ਕਰੀਬ ਦੁਕਾਨ ‘ਤੇ ਪਹੁੰਚੇ। ਸਭ ਤੋਂ ਪਹਿਲਾਂ, ਉਨ੍ਹਾਂ ਨੇ ਦੁਕਾਨ ਦੇ ਸਾਹਮਣੇ ਵਾਲੀ ਗਰਿੱਲ ਨੂੰ ਚਾਦਰ ਨਾਲ ਢੱਕ ਦਿੱਤਾ ਤਾਂ ਜੋ ਕੋਈ ਉਨ੍ਹਾਂ ਨੂੰ ਨਾ ਦੇਖ ਸਕੇ। ਇਸ ਤੋਂ ਬਾਅਦ, ਉਨ੍ਹਾਂ ਨੇ ਲਾਈਟ ਤੋੜ ਦਿੱਤੀ ਤੇ ਸੀਸੀਟੀਵੀ ਕੈਮਰੇ ਬੰਦ ਕਰ ਦਿੱਤੇ। ਇਕ ਚੋਰ ਨੇ ਆਪਣਾ ਮੂੰਹ ਆਪਣੀ ਕਮੀਜ਼ ਨਾਲ ਅਤੇ ਦੂਜੇ ਨੇ ਪਰਨੇ ਨਾਲ ਢੱਕਿਆ ਹੋਇਆ ਸੀ। ਅੰਦਰ ਜਾਂਦੇ ਹੀ, ਉਨ੍ਹਾਂ ਨੇ ਨਕਦ ਬਾਕਸ ’ਚ ਰੱਖੇ ਪੈਸੇ ਅਤੇ ਸਿਗਰਟਾਂ ਨੂੰ ਇਕ ਬੋਰੀ ’ਚ ਭਰ ਦਿੱਤਾ। ਚੋਰੀ ਦੇ ਤਰੀਕੇ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਚੋਰਾਂ ਨੂੰ ਨਕਦੀ ਤੇ ਸਿਗਰਟਾਂ ਦੀ ਸਥਿਤੀ ਬਾਰੇ ਪੂਰੀ ਜਾਣਕਾਰੀ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਪਹਿਲਾਂ ਦੁਕਾਨ ਦੀ ਰੇਕੀ ਕੀਤੀ ਹੋਵੇਗੀ। ਦੂਜੀ ਚੋਰੀ ਉਸੇ ਰਾਤ ਸ਼ਿਵਾਲਿਕ ਵਿਹਾਰ ਵਿਖੇ ਸਥਿਤ ਦੁਰਗਾ ਮੰਦਰ ’ਚ ਹੋਈ। ਮੰਦਰ ਦੇ ਸੇਵਾਦਾਰ ਨੇ ਦੱਸਿਆ ਕਿ ਚੋਰ ਪਿਛਲੇ ਪਾਸਿਓਂ ਮੰਦਰ ’ਚ ਦਾਖ਼ਲ ਹੋਇਆ ਅਤੇ ਮੁੱਖ ਗੇਟ ਨੂੰ ਅੰਦਰੋਂ ਤਾਲਾ ਲਾ ਕੇ ਦਾਨ ਬਕਸੇ ’ਚ ਰੱਖੇ ਪੈਸੇ, ਭਗਵਾਨ ਕ੍ਰਿਸ਼ਨ ਦੀ ਮੂਰਤੀ ਤੋਂ ਚਾਂਦੀ ਦੀ ਬੰਸਰੀ ਅਤੇ ਹੋਰ ਮੂਰਤੀਆਂ ਤੋਂ ਗਹਿਣੇ ਚੋਰੀ ਕਰ ਲੈ ਗਏ ਹਨ। ਇਨ੍ਹਾਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਕਾਰਨ ਇਲਾਕੇ ਦੇ ਲੋਕ ਦਹਿਸ਼ਤ ’ਚ ਹਨ ਅਤੇ ਪੁਲਿਸ ਦੀ ਗਸ਼ਤ ‘ਤੇ ਸਵਾਲ ਚੁੱਕ ਰਹੇ ਹਨ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਰਾਤ ਨੂੰ ਪੁਲਿਸ ਦੀ ਗਸ਼ਤ ਵਧਾਈ ਜਾਣੀ ਚਾਹੀਦੀ ਹੈ ਤੇ ਅਪਰਾਧੀਆਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਲੋਕਾਂ ’ਚ ਫੈਲੇ ਡਰ ਨੂੰ ਘੱਟ ਕੀਤਾ ਜਾ ਸਕੇ। ਪੁਲਿਸ ਨੇ ਦੋਵਾਂ ਮਾਮਲਿਆਂ ’ਚ ਸ਼ਿਕਾਇਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।



