
ਬਠਿੰਡਾ, 29 ਅਗਸਤ: ਤਲਵੰਡੀ ਸਾਬੋਂ ਸਥਿਤ ਗੁਰੂ ਕਾਸ਼ੀ ਯੂਨੀਵਰਸਿਟੀ ਵਿਚ ਬੀਐੱਸਸੀ ਦੀ ਪੜ੍ਹਾਈ ਕਰ ਰਹੇ ਜ਼ਿੰਬਾਬਵੇ ਦੇ ਵਿਦਿਆਰਥੀ ਜ਼ਿਵਿਆ ਲੀਰੌਏ ਦੇ ਕਤਲ ਦੇ ਮਾਮਲੇ ਵਿਚ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਖਤ ਨੋਟਿਸ ਲਿਆ। ਕਮਿਸ਼ਨ ਨੇ ਪੰਜਾਬ ਪੁਲਿਸ ਦੇ ਡੀਜੀਪੀ ਅਤੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਰਜਿਸਟਰਾਰ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਦੋ ਹਫ਼ਤਿਆਂ ਦੇ ਅੰਦਰ ਪੂਰੇ ਮਾਮਲੇ ਦੀ ਵਿਸਥਾਰਤ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਹਨ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਕ ਮੀਡੀਆ ਰਿਪੋਰਟ ਦਾ ਖੁਦ ਨੋਟਿਸ ਲਿਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ 12 ਅਗਸਤ ਨੂੰ ਜ਼ਿੰਬਾਬਵੇ ਦੇ ਇਕ ਵਿਦਿਆਰਥੀ ਜ਼ਿਵਿਆ ਲੀਰੌਏ ‘ਤੇ ਯੂਨੀਵਰਸਿਟੀ ਦੇ ਸੁਰੱਖਿਆ ਗਾਰਡਾਂ ਨੇ ਆਪਣੇ ਸੱਤ-ਅੱਠ ਸਾਥੀਆਂ ਸਮੇਤ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਸੀ ਅਤੇ 21 ਅਗਸਤ 2025 ਨੂੰ ਬਠਿੰਡਾ ਏਮਜ਼ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਇਸ ਕਾਰਨ ਕਮਿਸ਼ਨ ਨੇ ਇਸਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਇਕ ਗੰਭੀਰ ਮਾਮਲਾ ਮੰਨਦੇ ਹੋਏ, ਪੰਜਾਬ ਦੇ ਪੁਲਿਸ ਡਾਇਰੈਕਟਰ ਜਨਰਲ ਅਤੇ ਰਜਿਸਟਰਾਰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਬਠਿੰਡਾ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਦੋ ਹਫ਼ਤਿਆਂ ਦੇ ਅੰਦਰ ਇਸ ਮਾਮਲੇ ਦੀ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ 12 ਅਗਸਤ 2025 ਨੂੰ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਕਾਰ ਦੀ ਜਾਂਚ ਕਰਦੇ ਸਮੇਂ ਯੂਨੀਵਰਸਿਟੀ ਦੇ ਸੁਰੱਖਿਆ ਗਾਰਡ ਦਿਲਪ੍ਰੀਤ ਸਿੰਘ ਦਾ ਉਕਤ ਜ਼ਿੰਬਾਬਵੇ ਦੇ ਵਿਦਿਆਰਥੀ ਨਾਲ ਕੇ ਝਗੜਾ ਹੋ ਗਿਆ ਸੀ, ਜਿਸ ਕਾਰਨ ਮੁਲਜ਼ਮ ਦਿਲਪ੍ਰੀਤ ਸਿੰਘ ਵਾਸੀ ਪਿੰਡ ਹੱਸੂ ਜ਼ਿਲ੍ਹਾ ਸਿਰਸਾ ਹਰਿਆਣਾ ਨੇ ਆਪਣੇ ਸਾਥੀ ਲਵਪ੍ਰੀਤ ਸਿੰਘ ਵਾਸੀ ਪਿੰਡ ਹੱਸੂ ਜ਼ਿਲ੍ਹਾ ਸਿਰਸਾ, ਹਰਿਆਣਾ, ਮੰਗੂ ਸਿੰਘ ਅਤੇ ਮਨਪ੍ਰੀਤ ਸਿੰਘ ਵਾਸੀ ਪਿੰਡ ਫਤਿਹਗੜ੍ਹ ਨੌ ਅਬਾਦ ਨਾਲ ਮਿਲ ਕੇ ਉਕਤ ਵਿਦਿਆਰਥੀ ‘ਤੇ ਡੰਡਿਆਂ, ਬੇਸਬਾਲ, ਬੈਟਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ ਅਤੇ ਉਸਨੂੰ ਗੰਭੀਰ ਹਾਲਤ ਵਿਚ ਛੱਡ ਕੇ ਭੱਜ ਗਏ। ਹਮਲਾਵਰ ਸਕੋਡਾ ਕਾਰ ਨੰਬਰ-ਡੀਐਲ-8ਸੀਐਲ-5977 ਵਿਚ ਆਏ ਸਨ। ਉਕਤ ਸੁਰੱਖਿਆ ਗਾਰਡ ਅਤੇ ਉਸਦੇ ਸਾਥੀਆਂ ਨੇ ਜ਼ਿੰਬਾਬਵੇ ਦੇ ਵਿਦਿਆਰਥੀ ਨੂੰ ਗੰਭੀਰ ਜ਼ਖਮੀ ਕਰਨ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਕਾਰ ਸੜਕ ਕਿਨਾਰੇ ਇਕ ਦਰੱਖਤ ਨਾਲ ਟਕਰਾ ਗਈ ਸੀ, ਜਿਸ ਤੋਂ ਬਾਅਦ ਮੁਲਜ਼ਮ ਫੜੇ ਗਏ ਸੀ।



