
ਬਰਨਾਲਾ, 22 ਜੁਲਾਈ : ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਡੀਸੀ ਬਰਨਾਲਾ ਟੀ ਬੈਨਿਥ ਦੇ ਦਿਸ਼ਾ-ਨਿਰਦੇਸ਼ਾਂ ’ਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਖੁਸ਼ਵੀਰ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਟੀਮ ਵੱਲੋਂ ਜ਼ਿਲ੍ਹਾ ਬਰਨਾਲਾ ’ਚ ਬੱਚਿਆਂ ਨੂੰ ਭੀਖ ਮੰਗਣ ਤੋਂ ਰੋਕਣ ਲਈ ਵਿਸ਼ੇਸ਼ ਚੈਕਿੰਗ ਕੀਤੀ। ਇਸ ਦੌਰਾਨ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਛਾਪੇਮਾਰੀ ਕੀਤੀ ਗਈ। ਇਸ ਸਬੰਧੀ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਗੁਰਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ’ਚ ਬੱਚਿਆਂ ਦੇ ਭੀਖ ਮੰਗਣ ਤੋਂ ਰੋਕਣ ਲਈ ਇਕ ਵਿਸ਼ੇਸ਼ ਟੀਮ ਬਣਾਈ ਗਈ ਹੈ। ਇਹ ਟੀਮ ਪੁਲਿਸ ਤੇ ਹੋਰ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਨਾਲ ਮਿਲ ਕੇ ਲਗਾਤਾਰ ਚੈਕਿੰਗ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭੀਖ ਮੰਗਣ ਵਾਲੇ ਬੱਚਿਆਂ ਨੂੰ ਇਸ ਪਾਸਿਓਂ ਹਟਾ ਕੇ ਉਨ੍ਹਾਂ ਦਾ ਪੁਨਰਵਾਸ ਕੀਤਾ ਜਾਵੇਗਾ। ਅਜਿਹੇ ਮਾਪੇ ਜੋ ਬੱਚਿਆਂ ਤੋਂ ਬਾਲ ਮਜ਼ਦੂਰੀ ਜਾਂ ਬਾਲ ਭਿੱਖਿਆ ਕਰਵਾ ਰਹੇ ਹਨ, ਉਨ੍ਹਾਂ ਬੱਚਿਆਂ ਦੇ ਡੀਐੱਨਏ ਟੈਸਟ ਕਰਵਾਏ ਜਾਣਗੇ ਕਿਉਂਕਿ ਅਕਸਰ ਵੇਖਣ ਵਿਚ ਆਇਆ ਹੈ ਕਿ ਦੂਸਰੇ ਰਾਜਾਂ ਤੋਂ ਆਏ ਬੱਚੇ ਭੀਖ ਮੰਗਦੇ ਹਨ। ਕਈ ਵਾਰ ਉਨ੍ਹਾਂ ਨਾਲ ਮਾਪੇ ਬਣਕੇ ਘੁੰਮ ਰਹੇ ਵਿਅਕਤੀ ਉਨ੍ਹਾਂ ਦੇ ਅਸਲ ਮਾਪੇ ਨਹੀਂ ਹੁੰਦੇ ਅਤੇ ਜਾਂਚ ਦੌਰਾਨ ਕਈ ਬੱਚੇ ਕਿਤੇ ਨਾ ਕਿਤੇ ਚੋਰੀ ਕੀਤੇ ਨਿਕਲਦੇ ਹਨ। ਉਨ੍ਹਾਂ ਦੱਸਿਆ ਕਿ ਬਰਨਾਲਾ ਦੇ ਕਚਹਿਰੀ ਚੌਕ, ਰੇਲਵੇ ਸਟੇਸ਼ਨ, ਬੱਸ ਸਟੈਂਡ, ਮੇਨ ਬਾਜ਼ਾਰ, ਤਪਾ, ਧੌਨਲਾ ਦੇ ਬਾਜ਼ਾਰ ਵਿਚ ਚੈਕਿੰਗ ਕਰਕੇ ਉਨ੍ਹਾਂ ’ਤੇ ਤਿਖੀ ਨਜ਼ਰ ਰੱਖੀ ਜਾ ਰਹੀ ਹੈ। ਚੈਕਿੰਗ ਦੇ ਦੌਰਾਨ 3 ਬੱਚੇ ਭੀਖ ਮੰਗਦੇ ਪਾਏ ਗਏ, ਜਿਨ੍ਹਾਂ ਨੂੰ ਬਾਲ ਭਲਾਈ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਗਿਆ। ਜਿੱਥੇ ਇਨ੍ਹਾਂ ਬੱਚਿਆਂ ਦੇ ਮਾਪਿਆਂ ਵੱਲੋਂ ਓਨ੍ਹਾਂ ਦੇ ਬੱਚੇ ਹੋਣ ਸਬੰਧੀ ਦਸਤਾਵੇਜ਼ ਪੇਸ਼ ਕਰਨ ਉਪਰੰਤ ਬੱਚਿਆਂ ਨੂੰ ਮਾਪਿਆਂ ਦੇ ਸਪੁਰਦ ਕੀਤਾ ਗਿਆ। ਇਸ ਮੌਕੇ ਟੀਮ ਮੈਂਬਰਾਂ ਨੇ ਦੱਸਿਆ ਕਿ ਜੇਕਰ ਕਿਤੇ ਕੋਈ ਵੀ ਅਜਿਹਾ ਬੱਚਾ ਮਿਲਦਾ ਹੈ ਤਾਂ ਮਾਪਿਆਂ ਤੇ ਬੱਚਿਆਂ ਦੀ ਕਾਉਂਸਲਿੰਗ ਕਰ ਕੇ ਬੱਚਿਆਂ ਨੂੰ ਪੜ੍ਹਾਈ ਨਾਲ ਜੋੜਿਆ ਜਾਂਦਾ ਹੈ। ਹੁਣ ਤੱਕ ਬਹੁਤ ਸਾਰੇ ਬੱਚਿਆਂ ਨੂੰ ਚਾਈਲਡ ਬੈਗਿੰਗ ਤੋਂ ਹਟਾ ਕੇ ਸਕੂਲ ਵਿਚ ਦਾਖਲ ਕਰਵਾਏ ਜਾ ਚੁੱਕੇ ਨੇ ਅਤੇ ਸਮੇਂ-ਸਮੇਂ ’ਤੇ ਉਨ੍ਹਾਂ ਨੂੰ ਸਕੂਲ ਜਾ ਕੇ ਚੈੱਕ ਵੀ ਕੀਤਾ ਜਾਂਦਾ ਹੈ। ਜੇਕਰ ਕਿਸੇ ਨੂੰ ਇਹ ਲਗਦਾ ਹੈ ਕਿ ਬੱਚੇ ਦੇ ਮਾਪੇ ਉਸਨੂੰ ਸੰਭਾਲਣ ’ਚ ਅਸਮਰੱਥ ਹਨ ਤਾਂ ਉਸ ਬੱਚੇ ਨੂੰ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਬਾਲ ਘਰ੍ਹਾਂ ’ਚ ਭੇਜ ਦਿੱਤਾ ਜਾਂਦਾ ਹੈ ਜਿਥੇ ਕਿ ਬੱਚੇ ਦੀ ਮੁਕੰਮਲ ਸੁਰੱਖਿਆ ਤੇ ਉਸਦੇ ਖਾਣ-ਪੀਣ ਦਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ। ਬੱਚਿਆਂ ਨੂੰ ਭੀਖ ਨਾ ਦਿੱਤੀ ਜਾਵੇ : ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਇਹ ਚੈਕਿੰਗਾਂ ਭਵਿੱਖ ’ਚ ਲਗਾਤਾਰ ਜਾਰੀ ਰਹਿਣਗੀਆਂ। ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬੱਚਿਆਂ ਨੂੰ ਭੀਖ ਨਾ ਦਿੱਤੀ ਜਾਵੇ ਕਿਉਂਕਿ ਬੱਚਿਆਂ ਤੋਂ ਭੀਖ ਮੰਗਵਾਉਣ ਵਾਲੇ ਮਾਪੇ ਇਸ ਲਈ ਬੱਚਿਆਂ ਨੂੰ ਨਹੀਂ ਪੜ੍ਹਾਉਂਦੇ ਕਿਉਂਕਿ ਉਨ੍ਹਾਂ ਦੇ ਬੱਚੇ ਭੀਖ ਮੰਗ ਕੇ ਚੰਗੇ ਪੈਸੇ ਇਕਠੇ ਕਰਕੇ ਲਿਆਉਂਦੇ ਹਨ। ਉਨ੍ਹਾਂ ਦੱਸਿਆ ਕਿ ਭੀਖ ਮੰਗਵਾਉਣ ਦੇ ਦੋਸ਼ ਵਿਚ ਜੇ.ਜੇ.ਐਕਟ 2025 ਤਹਿਤ ਕੇਸ ਦਰਜ ਕੀਤਾ ਜਾਵੇਗਾ। ਜੇਕਰ ਕੋਈ ਬੱਚਾ ਭੀਖ ਮੰਗਦਾ ਦਿਖਾਈ ਦਿੰਦਾ ਹੈ ਤਾਂ ਤੁਰੰਤ ਵਿਭਾਗ ਨੂੰ ਸੁਚਿਤ ਕਰੋ । ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ । ਚੈਕਿੰਗ ਦੌਰਾਨ ਟੀਮ ਵਿੱਚ ਬਾਲ ਸੁਰੱਖਿਆ ਅਫ਼ਸਰ ਅਮਨਦੀਪ ਗੌਤਮ, ਰੁਪਿੰਦਰ ਸਿੰਘ, ਪ੍ਰਿਤਪਾਲ ਕੌਰ, ਲੱਖ ਸਿੰਘ, ਬਲਵਿੰਦਰ ਸਿੰਘ, ਸਿੱਖਿਆ ਵਿਭਾਗ ਤੋਂ ਨੀਰਜ ਕੁਮਾਰ, ਪੁਲਿਸ ਵਿਭਾਗ ਤੇ ਸਿਹਤ ਵਿਭਾਗ ਤੋਂ ਕੁਲਦੀਪ ਸਿੰਘ ਸ਼ਾਮਲ ਸਨ।



