
ਤਰਨਤਾਰਨ, 13 ਅਗਸਤ : ਫ਼ਸਲੀ ਵਿੰਭਿਨਤਾ ਨੂੰ ਉਤਸ਼ਾਹਿਤ ਕਰਦਿਆਂ ਜ਼ਿਲ੍ਹਾ ਤਰਨਤਾਰਨ ’ਚ ਸਾਲ 2025-26 ਦੌਰਾਨ ਝੋਨੇ ਹੇਠੋਂ ਰਕਬਾ ਕੱਢ ਕੇ ਬਾਸਮਤੀ ਤੇ ਹੋਰ ਫ਼ਸਲਾਂ ਅਧੀਨ ਲਿਆਂਦਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਸੀ ਰਾਹੁਲ ਨੇ ਦੱਸਿਆ ਕਿ ਪਿਛਲੇ ਸਾਲ 2024-25 ਦੌਰਾਨ ਬਾਸਮਤੀ ਅਧੀਨ ਰਕਬਾ 52 ਹਜ਼ਾਰ ਹੈਕਟੇਅਰ ਸੀ ਤੇ ਸਾਲ 2025-26 ਦੌਰਾਨ 72 ਹਜ਼ਾਰ ਹੈਕਟੇਅਰ ਰਕਬਾ ਬਾਸਮਤੀ ਅਧੀਨ ਲਿਆਂਦਾ ਗਿਆ ਹੈ। ਜ਼ਿਲਾ ਤਰਨਤਾਰਨ ਦਾ ਕੁੱਲ ਭੂਗੋਲਿਕ ਰਕਬਾ 2 ਲੱਖ 41 ਹਜ਼ਾਰ ਹੈਕਟੇਅਰ ਹੈ ਤੇ ਇਸ ਰਕਬੇ ’ਚੋਂ 2 ਲੱਖ 15 ਹਜ਼ਾਰ ਹੈਕਟੇਅਰ ਰਕਬਾ ਵਾਹੀਯੋਗ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ’ਚ ਜ਼ਿਆਦਾਤਰ ਕਿਸਾਨ ਕਣਕ ਝੋਨੇ ਦੀ ਖੇਤੀ ਕਰਦੇ ਹਨ, ਜਿਸ ਕਰ ਕੇ ਜ਼ਿਲ੍ਹੇ ’ਚ ਕਣਕ ਦੇ ਨਾੜ ਤੇ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਮੁਸ਼ਕਲ ਰਹਿੰਦੀ ਹੈ ਪਰ ਪ੍ਰਸ਼ਾਸਨ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਸਾਂਝੇ ਯਤਨਾਂ ਸਦਕਾ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਜੋ ਕਿ ਸਾਲ 2023-24 ’ਚ 2026 ਸਨ, ਸਾਲ 2024-25 ’ਚ ਘੱਟ ਕੇ 876 ਰਹਿ ਗਈਆਂ ਸਨ। ਉਨ੍ਹਾਂ ਅੱਗੇ ਦੱਸਿਆ ਕਿ ਪਰਾਲੀ ਦੀ ਸੰਭਾਲ ਸਬੰਧੀ ਸਾਲ 2025-26 ਦੌਰਾਨ ਕਿਸਾਨਾਂ ਨੂੰ 807 ਮਸ਼ੀਨਾਂ ‘ਤੇ 13 ਕਰੋੜ ਦੀ ਸਬਸਿਡੀ ਜਾਰੀ ਕੀਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਖੇਤੀ ਪ੍ਰਸਾਰ ਸੇਵਾਵਾਂ ਅਧੀਨ ਆਤਮਾ ਸਕੀਮ ਤਹਿਤ ਵਿਕਸਿਤ ਸੰਕਲਪ ਅਭਿਆਨ ਅਧੀਨ 70 ਕੈਂਪ, 1 ਜ਼ਿਲ੍ਹਾ ਪੱਧਰੀ ਕੈਂਪ ਤੇ 8 ਸਿੱਖਿਅਕ ਦੌਰੇ ਤੇ ਛੋਟੇ ਤੇ ਸੀਮਾਂਤ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਨੌਜਵਾਨਾਂ ਲਈ ਸਕਿੱਲ ਵਿਕਾਸ ਰੂਰਲ ਯੂਥ ਟ੍ਰੇਨਿੰਗ, ਸੈਲਫ ਹੈਲਪ ਗਰੁੱਪ ਬਣਾ ਕੇ, ਕਿਸਾਨ ਉਤਪਾਦਕ ਸੰਗਠਨ ਬਣਾ ਕੇ, ਨੌਜਵਾਨਾਂ ਨੂੰ ਖੇਤੀਬਾੜੀ ਇਨਪੁਟਸ ਡੀਲਰਾਂ ਦਾ ਕੋਰਸ ਤੇ ਖੇਤੀਬਾੜੀ ਜਿਨਸਾਂ ਤੋਂ ਉਤਪਾਦ (ਪ੍ਰੋਸੈਸਿੰਗ ) ਬਣਾਉਣ ਦੀਆਂ ਟ੍ਰੇਨਿੰਗ ਦਿੱਤੀਆਂ ਜਾ ਰਹੀਆਂ ਹਨ।
ਕਸਬਾ ਚੋਹਲਾ ਸਾਹਿਬ ਵਿਖੇ ਚਲਾਈ ਜਾ ਰਹੀ ਮਿੱਟੀ ਪਰਖ ਲਈ ਲੈਬ
ਡੀਸੀ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਲਈ ਬਹੁਤ ਹੀ ਲੁੜੀਂਦੀ ਆਈਸੀਪੀ ਮਿੱਟੀ ਪਰਖ ਲੈਬ ਜ਼ਿਲ੍ਹੇ ਦੇ ਕਸਬਾ ਚੋਹਲਾ ਸਾਹਿਬ ਵਿਖੇ ਚਲਾਈ ਜਾ ਰਹੀ ਹੈ, ਜੋ ਕਿ ਕੁੱਲ 7 ਲੁੜੀਂਦੇ ਤੱਤ ਪੋਟਾਸ਼, ਮੈਗਨੀਜ਼, ਲੋਹਾ, ਕਾਪਰ, ਜ਼ਿੰਕ, ਫਾਸਫੋਰਸ, ਸਲਫਰ ਟੈਸਟ ਕਰਦੀ ਹੈ। ਜ਼ਿਲ੍ਹਾ ਤਰਨਤਾਰਨ ਹਾੜੀ ਤੇ ਸਾਉਣੀ ਸੀਜ਼ਨ ਦੌਰਾਨ ਸਾਲ 2025-26 ’ਚ 14000 ਮਿੱਟੀ ਦੇ ਸੈਂਪਲ ਲੈਣ ਦਾ ਟੀਚਾ ਹੈ ਤੇ ਇਹ ਮਸ਼ੀਨ ਕਿਸਾਨਾਂ ਲਈ ਬਹੁਤ ਹੀ ਲਾਭਕਾਰੀ ਸਿੱਧ ਹੋ ਰਹੀ ਹੈ ਤੇ ਕਿਸਾਨ ਟੈਸਟ ਰਿਜ਼ਲਟ ਦੇ ਆਧਾਰ ‘ਤੇ ਖਾਦਾਂ ਦੀ ਵਰਤੋਂ ਕਰ ਰਹੇ ਹਨ।
454 ਕਿਸਾਨਾਂ ਨੇ 3919 ਏਕੜ ’ਚ ਕੀਤੀ ਝੋਨੇ ਦੀ ਸਿੱਧੀ ਬਿਜਾਈ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਾਣੀ ਤੇ ਲੇਬਰ ਦੀ ਬੱਚਤ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਤਰਨਤਾਰਨ ’ਚ ਸਾਲ 2025-26 ’ਚ 454 ਕਿਸਾਨਾਂ ਵੱਲੋਂ 3919 ਏਕੜ ’ਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ। ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮਾਣਭੱਤਾ ਨੂੰ ਦਿੱਤਾ ਜਾਣਾ ਹੈ।



