ਜ਼ਿਲ੍ਹੇ ‘ਚ 3500 ਤੋਂ ਵੱਧ ਲੋਕ ਰੋਜ਼ਾਨਾ ਕਰ ਰਹੇ ਹਨ ਮੁਫਤ ਯੋਗਾ
ਯੋਗਾ ਪ੍ਰਤੀ ਔਰਤਾਂ ਦੀ ਵੱਧ ਰਹੀ ਹੈ ਦਿਲਚਸਪੀ : ਅਮਨਪ੍ਰੀਤ ਕੌਰ

ਬਾਲ ਕਿਸ਼ਨ
ਫ਼ਿਰੋਜ਼ਪੁਰ, 11 ਮਈ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਭਰ ਵਿੱਚ ਸੀ.ਐਮ. ਦੀ ਯੋਗਸ਼ਾਲਾ ਤਹਿਤ ਮੁਫਤ ਯੋਗਾ ਕਲਾਸਾਂ ਲਗਾਈਆਂ ਜਾਂਦੀਆਂ ਹਨ। ਇਹਨਾਂ ਯੋਗ ਕਲਾਸਾਂ ਵਿੱਚ ਪੰਜਾਬ ਸਰਕਾਰ ਵੱਲੋਂ ਨਿਯੁਕਤ ਮਾਹਿਰ ਯੋਗਾ ਟਰੇਨਰ ਲੋਕਾਂ ਨੂੰ ਸਿਹਤਮੰਦ ਜੀਵਨ ਅਤੇ ਸਰੀਰਕ ਤੇ ਮਾਨਸਿਕ ਬਿਮਾਰੀਆਂ ਤੋਂ ਰਾਹਤ ਪ੍ਰਦਾਨ ਕਰਨ ਲਈ ਯੋਗਾ ਸਿਖਾਉਂਦੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਐਮ ਦੀ ਯੋਗਸ਼ਾਲਾ ਦੇ ਜ਼ਿਲ੍ਹਾ ਕੋਆਰਡੀਨੇਟਰ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਔਰਤਾਂ ‘ਚ ਯੋਗਾ ਪ੍ਰਤੀ ਸਕਾਰਾਤਮਕ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਯੋਗਾ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਹਨਾਂ ਯੋਗਾ ਕਲਾਸਾਂ ਵਿੱਚ ਯੋਗ ਕਰਕੇ ਕਈ ਤਰ੍ਹਾਂ ਦੇ ਸਰੀਰਕ ਅਤੇ ਮਾਨਸਿਕ ਰੋਗਾਂ ਤੋਂ ਛੁਟਕਾਰਾ ਪਾਇਆ ਹੈ।ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਜ਼ਿਲੇ ਵਿੱਚ ਕੁਲ 95 ਥਾਵਾਂ ‘ਤੇ ਸੀਐਮ ਦੀ ਯੋਗਸ਼ਾਲਾ ਪ੍ਰੋਜੈਕਟ ਤਹਿਤ ਮੁਫ਼ਤ ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ, ਜਿਸ ਵਿੱਚ 3500 ਤੋਂ ਵੱਧ ਲੋਕ ਰੋਜ਼ਾਨਾ ਮੁਫਤ ਯੋਗਾ ਕਰਦੇ ਹਨ।ਉਨ੍ਹਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਯੋਗ ਨੂੰ ਆਪਣੇ ਰੋਜ਼ਾਨਾ ਦੇ ਜੀਵਨ ਦਾ ਹਿੱਸਾ ਬਣਾਉਣ। ਉਨ੍ਹਾਂ ਕਿਹਾ ਕਿ ਮੁਫ਼ਤ ਯੋਗ ਸਿਖਣ ਦੇ ਚਾਹਵਾਨ 25 ਮੈਂਬਰਾਂ ਦਾ ਗਰੁੱਪ ਬਣਾ ਕੇ ਹੈਲਪਲਾਈਨ ਨੰਬਰ 76694-00500 ਤੇ ਮਿਸਡ ਕਾਲ ਕਰ ਸਕਦੇ ਹਨ ਜਾਂ ਮੋਬਾਇਲ ਨੰਬਰ 78888-40115 ’ਤੇ ਵੀ ਕਾਲ ਕਰ ਸਕਦੇ ਹਨ। ਇਸ ਤੋਂ ਇਲਾਵਾ http://cmdiyogshala.punjab.gov.in ’ਤੇ ਵੀ ਰਜਿਸਟਰੇਸ਼ਨ ਕੀਤਾ ਜਾ ਸਕਦਾ ਹੈ।



