ਜ਼ਿਲ੍ਹਾ ਫ਼ਿਰੋਜ਼ਪੁਰ ਦੇ 65 ਹੋਣਹਾਰ ਵਿਦਿਆਰਥੀਆਂ ਨੂੰ ਸਿੱਖਿਆ ਵਿਭਾਗ ਵੱਲੋਂ ਵਿਦਿਅਕ ਟੂਰ ‘ਤੇ ਭੇਜਿਆ
15 ਤੋਂ 20 ਦਸੰਬਰ ਤੱਕ ਆਗਰਾ ਅਤੇ ਜੈਪੁਰ ਦੀ ਕਰਨਗੇ ਸੈਰ

ਬਾਲ ਕਿਸ਼ਨ
ਫਿਰੋਜ਼ਪੁਰ, 16 ਦਸੰਬਰ : ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਹੋਰ ਮਜ਼ਬੂਤੀ ਦਿੰਦਿਆਂ, ਰਾਸ਼ਟਰੀ ਆਵਿਸਕਾਰ ਅਭਿਆਨ ਦੇ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵੱਖ-ਵੱਖ ਬਲਾਕਾਂ ਤੋਂ ਚੁਣੇ ਗਏ 65 ਹੋਣਹਾਰ ਵਿਦਿਆਰਥੀਆਂ ਨੂੰ ਜੈਪੁਰ–ਆਗਰਾ ਲਈ ਵਿਦਿਅਕ ਟੂਰ ‘ਤੇ ਭੇਜਿਆ ਗਿਆ। ਇਹ ਟੂਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ਼੍ਰੀਮਤੀ ਮੁਨੀਲਾ ਅਰੋੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ ਦੀ ਅਗਵਾਈ ਹੇਠ ਰਵਾਨਾ ਕੀਤਾ ਗਿਆ। ਇਸ ਟੂਰ ਦਾ ਸਮੁੱਚਾ ਖਰਚਾ ਸਕੂਲ ਸਿੱਖਿਆ ਵਿਭਾਗ ਵੱਲੋਂ ਕੀਤਾ ਜਾ ਰਿਹਾ ਹੈ। ਟੂਰ ਨੂੰ ਰਵਾਨਾ ਕਰਨ ਮੌਕੇ ਮੁਨੀਲਾ ਅਰੋੜਾ ਨੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਅਜਿਹੇ ਵਿਦਿਅਕ ਟੂਰ ਵਿਦਿਆਰਥੀਆਂ ਦੇ ਗਿਆਨ, ਦ੍ਰਿਸ਼ਟੀਕੋਣ ਅਤੇ ਅਨੁਭਵ ਵਿੱਚ ਵਾਧਾ ਕਰਦੇ ਹਨ ਅਤੇ ਉਨ੍ਹਾਂ ਦੀ ਸਖ਼ਸੀਅਤ ਨਿਖਾਰਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਵਿਭਾਗ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੋਡਲ ਇੰਚਾਰਜ ਸੰਜੀਵ ਟੰਡਨ, ਪ੍ਰਿੰਸੀਪਲ ਨੇ ਦੱਸਿਆ ਕਿ ਇਹ ਵਿਦਿਅਕ ਟੂਰ 15 ਦਸੰਬਰ ਤੋਂ 20 ਦਸੰਬਰ ਤੱਕ ਆਯੋਜਿਤ ਕੀਤਾ ਗਿਆ ਹੈ। ਟੂਰ ਦੇ ਪਹਿਲੇ ਦਿਨ ਵਿਦਿਆਰਥੀ ਆਗਰਾ ਵਿਖੇ ਤਾਜ ਮਹਲ ਦੇ ਦਰਸ਼ਨ ਕਰਨ ਉਪਰੰਤ ਆਗਰਾ ਕਿਲ੍ਹਾ, ਫਤਿਹਪੁਰ ਸੀਕਰੀ, ਬੁਲੰਦ ਦਰਵਾਜ਼ਾ, ਜੈਪੁਰ ਵਿਖੇ ਹਵਾ ਮਹਲ, ਆਂਬਰ ਕਿਲ੍ਹਾ, ਜੰਤਰ ਮੰਤਰ, ਨਹਰਗੜ੍ਹ ਕਿਲ੍ਹਾ, ਅਲਬਰਟ ਹਾਲ ਮਿਊਜ਼ੀਅਮ ਅਤੇ ਬਿਰਲਾ ਮੰਦਰ ਵਰਗੀਆਂ ਪ੍ਰਸਿੱਧ ਵਿਰਾਸਤੀ ਥਾਵਾਂ ਤੋਂ ਇਲਾਵਾ ਰਾਸ਼ਟਰੀ ਪੱਧਰ ‘ਤੇ ਪ੍ਰਸਿੱਧ ਵਿਦਿਅਕ ਅਤੇ ਤਕਨੀਕੀ ਅਦਾਰਿਆਂ ਦਾ ਵੀ ਦੌਰਾ ਕਰਨਗੇ। ਇਸ ਵਿਦਿਅਕ ਟੂਰ ਦੌਰਾਨ ਵਿਦਿਆਰਥੀਆਂ ਦੀ ਦੇਖਭਾਲ ਅਤੇ ਮਾਰਗਦਰਸ਼ਨ ਲਈ ਲੈਕਚਰਾਰ ਪ੍ਰਦੀਪ ਕੌਰ, ਕਿਰਨਦੀਪ ਕੌਰ, ਉਜਵਲ ਕੁਮਾਰ, ਹਰਵਿੰਦਰ ਸਿੰਘ ਅਤੇ ਅਵਤਾਰ ਸਿੰਘ ਸਮੂਹ ਅਧਿਆਪਕਾਂ ਨਾਲ ਰਹਿਣਗੇ। ਵਿਦਿਅਕ ਟੂਰ ਨੂੰ ਰਵਾਨਾ ਕਰਨ ਸਮੇਂ ਸੰਜੀਵ ਟੰਡਨ ਪ੍ਰਿੰਸੀਪਲ, ਗੁਰਪ੍ਰੀਤ ਸਿੰਘ, ਦਿਨੇਸ਼ ਚੋਹਾਨ, ਬਲਰਾਜ ਸਿੰਘ ਅਤੇ ਮਨੋਜ ਕੁਮਾਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।



