
ਤਰਨ ਤਾਰਨ, 29 ਅਪ੍ਰੈਲ-ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਨਸ਼ੇ ਵਿਰੁੱਧ ਕਾਰਵਾਈ ਕਰਦਿਆਂ ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਹੈਰੋਇਨ ਬਰਾਮਦ ਕਰਕੇ ਅੱਠ ਲੋਕਾਂ ਨੂੰ ਗਿ੍ਰਫਤਾਰ ਕਰਨ ਦਾ ਦਾਅਵਾ ਕੀਤਾ ਹੈ। ਜਿਨ੍ਹਾਂ ਖਿਲਾਫ ਸਬੰਧਤ ਥਾਣਿਆਂ ’ਚ ਐੱਨਡੀਪੀਐੱਸ ਐਕਟ ਦੇ ਤਹਿਤ ਕੇਸ ਦਰਜ ਕਰ ਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸਐੱਸਪੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਸਬ-ਇੰਸਪੈਕਟਰ ਜਸਪਾਲ ਸਿੰਘ ਦੀ ਅਗਵਾਈ ਹੇਠ ਗਸ਼ਤ ਦੌਰਾਨ ਇੰਡਸਟਰੀ ਇਲਾਕੇ ਤੋਂ ਦਰਿਆ ਵੱਲ ਜਾਂਦੇ ਰਸਤੇ ’ਤੇ ਅਨਮੋਲ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਖਡੂਰ ਸਾਹਿਬ ਨਾਮਕ ਵਿਅਕਤੀ ਨੂੰ 7 ਗ੍ਰਾਮ ਹੈਰੋਇਨ ਬਰਾਮਦ ਕਰਕੇ ਗਿ੍ਰਫਤਾਰ ਕੀਤਾ। ਜਦੋਂਕਿ ਥਾਣਾ ਸਦਰ ਤਰਨਤਾਰਨ ਦੇ ਸਬ ਇੰਸਪੈਕਟਰ ਸਤਨਾਮ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਪਿ੍ਰੰਸ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਸੰਘਾ ਨੂੰ 10 ਗ੍ਰਾਮ ਹੈਰੋਇਨ ਬਰਾਮਦ ਕਰਕੇ ਕਾਬੂ ਕੀਤਾ ਹੈ। ਇਸੇ ਤਰ੍ਹਾਂ ਥਾਣਾ ਭਿੱਖੀਵਿੰਡ ਅਧੀਨ ਆਉਂਦੀ ਚੌਂਕੀ ਸੁਰਸਿੰਘ ਦੀ ਪੁਲਿਸ ਨੇ ਏਐੱਸਆਈ ਹਰਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਤਾਲਬ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਪੱਤੀ ਨੰਗਲ ਕੀ ਸੁਰਸਿੰਘ ਨੂੰ ਕਾਬੂ ਕਰਕੇ 4.50 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਥਾਣਾ ਵਲਟੋਹਾ ਦੀ ਪੁਲਿਸ ਨੇ ਏਐੱਸਆਈ ਅਵਤਾਰ ਸਿੰਘ ਦੀ ਅਗਵਾਈ ਹੇਠ ਅਮਨਦੀਪ ਸੈਨੀ ਪੁੱਤਰ ਵਿਜੇ ਕੂਮਾਰ ਸੈਨੀ ਵਾਸੀ ਅਮਰਕੋਟ ਨੂੰ 10 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਅਤੇ ਥਾਣਾ ਖੇਮਕਰਨ ਦੇ ਮੁਖੀ ਸਬ ਇੰਸਪੈਕਟਰ ਗੁਰਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਕੇਕੇ ਬੈਰੀਅਰ ਇਲਾਕੇ ਵਿੱਚੋਂ ਮਿੱਠਨ ਪੁੱਤਰ ਬਾਜ ਸਿੰਘ ਵਾਸੀ ਖੇਮਕਰਨ ਅਤੇ ਮਾਨ ਸਿੰਘ ਪੁੱਤਰ ਕਰਮ ਸਿੰਘ ਵਾਸੀ ਕਲਸ ਨੂੰ 6.37 ਗ੍ਰਾਮ ਹੈਰੋਇਨ ਸਣੇ ਕਾਬੂ ਕਰਕੇ ਕੇਸ ਦਰਜ ਕੀਤਾ ਹੈ। ਇਸੇ ਤਰ੍ਹਾਂ ਥਾਣਾ ਖਾਲੜਾ ਦੇ ਏਐੱਸਆਈ ਕੁਲਵੰਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਗੁਸੇਵਕ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਮਾੜੀ ਕੰਬੋਕੇ ਨੂੰ 6 ਗ੍ਰਾਮ ਹੈਰੋਇਨ ਅਤੇ ਥਾਣਾ ਸਰਹਾਲੀ ਦੀ ਪੁਲਿਸ ਨੇ ਏਐੱਸਆਈ ਕਿਰਪਾਲ ਸਿੰਘ ਦੀ ਅਗਵਾਈ ਹੇਠ ਜਵੰਦਾ ਕਲਾਂ ਰੋਡ ਨੌਸ਼ਹਿਰਾ ਪਨੂੰਆਂ ਤੋਂ ਮਹਿਤਾਬ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਜੋੜਾ ਨੂੰ 8 ਗ੍ਰਾਮ ਹੈਰੋਇਨ ਸਮੇਤ ਗਿ੍ਰਫਾਤਰ ਕਰਕੇ ਐਨਡੀਪੀਐੱਸ ਐਕਟ ਦੇ ਤਹਿਤ ਨਾਮਜ਼ਦ ਕੀਤਾ ਹੈ।



