ਜ਼ਿਮਨੀ ਚੋਣਾਂ ਤੋਂ ਪਹਿਲਾਂ ਹੀ AAP ’ਚ ਉੱਠੇ ਬਾਗੀ ਸੁਰ, ਕਿਹਾ- ਜੇ ਟਿਕਟ ਕਿਸੇ ਬਾਹਰੀ ਨੂੰ ਮਿਲੀ ਤਾਂ ਹਰਾਉਣ ਲਈ ਲਗਾਵਾਂਗੇ ਪੂਰੀ ਵਾਹ

ਤਰਨਤਾਰਨ, 26 ਜੁਲਾਈ : ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਤੋਂ ਬਾਅਦ ਖਾਲੀ ਐਲਾਨੀ ਗਈ ਤਰਨਤਾਰਨ ਦੀ ਸੀਟ ’ਤੇ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਚੋਣ ਦੇ ਐਲਾਨ ਤੋਂ ਪਹਿਲਾਂ ਹੀ ਇਥੇ ਸੱਤਾਧਾਰੀ ਪਾਰਟੀ ਵਿਚ ਬਾਗੀ ਸੁਰ ਦਿਖਾਈ ਦੇਣ ਲੱਗੇ ਹਨ। ਕਿਉਂਕਿ ਜ਼ਿਮਨੀ ਚੋਣ ਦੌਰਾਨ ਪਾਰਟੀ ਦੀ ਟਿਕਟ ’ਤੇ ਦਾਅਵਾ ਜਤਾ ਰਹੇ ਪੁਰਾਣੇ ਆਗੂਆਂ ਨੇ ਹਾਲ ਹੀ ਵਿਚ ਆਪ ’ਚ ਸ਼ਾਮਲ ਹੋਏ ਹਰਮੀਤ ਸਿੰਘ ਸੰਧੂ ਦਾ ਵਿਰੋਧ ਕਰਦਿਆਂ ਐਲਾਨ ਕਰ ਦਿੱਤਾ ਹੈ ਕਿ ਜੇਕਰ ਕਿਸੇ ਬਾਹਰੀ ਨੂੰ ਪਾਰਟੀ ਨੇ ਟਿਕਟ ਦਿੱਤੀ ਤਾਂ ਉਹ ਉਸ ਨੂੰ ਹਰਾਉਣ ਲਈ ਪੂਰੀ ਵਾਹ ਲਗਾਉਣਗੇ। ਇੰਨਾ ਹੀ ਨਹੀਂ ਦਾਅਵੇਦਾਰਾਂ ਵਿੱਚੋਂ ਇਕ ਆਜ਼ਾਦ ਉਮੀਦਵਾਰ ਵਜੋਂ ਵੀ ਮੈਦਾਨ ਵਿਚ ਉਤਾਰਿਆ ਜਾਵੇਗਾ। ਉਕਤ ਲੋਕਾਂ ਨੇ ਉਕਤ ਐਲਾਨ ਤੋਂ ਪਹਿਲਾਂ ਇਕੱਠਿਆਂ ਹੋ ਕੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਮੱਥਾ ਵੀ ਟੇਕਿਆ। ਦੱਸ ਦਈਏ ਕਿ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਏ ਹਲਕੇ ਤੋਂ ਚੋਣ ਲੜਨ ਲਈ ਆਪ ਦੇ ਲੀਡਰ ਅਤੇ ਜੰਗਲਾਤ ਵਿਭਾਗ ਦੇ ਵਾਈਸ ਚੇਅਰਮੈਨ ਗੁਰਦੇਵ ਸਿੰਘ ਸੰਧੂ, ਪੰਜਾਬ ਇੰਡਸਟਰੀ ਡਿਵੈਲਪਮੈਂਟ ਬੋਰਡ ਦੇ ਡਾਇਰੈਕਟਰ ਗੁਰਸੇਵਕ ਸਿੰਘ ਔਲਖ, ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਨਜ਼ਦੀਕੀ ਰਿਸ਼ਤੇਦਾਰ ਐਡਵੋਕੇਟ ਕੋਮਲਪ੍ਰੀਤ ਸਿੰਘ ਤੋਂ ਇਲਾਵਾ ਹੋਰ ਕਈ ਆਗੂ ਵੀ ਟਿਕਟ ’ਤੇ ਦਾਅਵਾ ਜਤਾ ਰਹੇ ਹਨ। ਜਿਨ੍ਹਾਂ ਸਮੇਤ ਕਈ ਚੇਅਰਮੈਨਾਂ ਦੇ ਹੋਰਡਿੰਗ ਵੀ ਤਰਨਤਾਰਨ ਸ਼ਹਿਰ ਵਿਚ ਦਿਖਾਈ ਦੇਣ ਲੱਗੇ। ਪਰ ਕੁਝ ਦਿਨ ਪਹਿਲਾਂ ਤਰਨਤਾਰਨ ਤੋਂ ਤਿੰਨ ਵਾਰ ਵਿਧਾਇਕ ਰਹੇ ਸੀਨੀਅਰ ਅਕਾਲੀ ਆਗੂ ਹਰਮੀਤ ਸਿੰਘ ਸੰਧੂ ਮੁੱਖ ਮੰਤਰੀ ਦੀ ਅਗਵਾਈ ਹੇਠ ਆਪ ਵਿਚ ਸ਼ਾਮਲ ਹੋ ਗਏ ਤਾਂ ਟਿਕਟ ਦੇ ਦਾਅਵੇਦਾਰਾਂ ਨੂੰ ਆਪਣੀ ਦਾਅਵੇਦਾਰੀ ਖਤਰੇ ਵਿਚ ਦਿਖਾਈ ਦੇਣ ਲੱਗੀ। ਕਈ ਦਿਨਾਂ ਤੋਂ ਸੁਲਗ ਰਹੀ ਚਿੰਗਾਰੀ ਉਸ ਵੇਲੇ ਭੜਕਦੀ ਦਿਖਾਈ ਦਿੱਤੀ। ਜਦੋਂ ਐਡਵੋਕੇਟ ਕੋਮਲਪ੍ਰੀਤ ਸਿੰਘ, ਗੁਰਦੇਵ ਸਿੰਘ ਸੰਧੂ ਅਤੇ ਗੁਰਸੇਵਕ ਸਿੰਘ ਔਲਖ ਨੇ ਇਕਜੁੱਟ ਹੋ ਕੇ ਆਪਣੇ ਸਾਥੀਆਂ ਸਮੇਤ ਪਹਿਲਾਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਫਿਰ ਐਲਾਨ ਕੀਤਾ ਕਿ ਜੇਕਰ ਪਾਰਟੀ ਨੇ ਬਾਹਰੀ ਵਿਅਕਤੀ ਨੂੰ ਟਿਕਟ ਦਿੱਤੀ ਤਾਂ ਉਹ ਜਿਥੇ ਉਸ ਨੂੰ ਹਰਵਾਉਣ ਲਈ ਪੂਰੀ ਵਾਹ ਲਗਾ ਦੇਣਗੇ। ਉਥੇ ਹੀ ਟਿਕਟ ਦੇ ਦਾਅਵੇਦਾਰਾਂ ਵਿੱਚੋਂ ਇਕ ਨੂੰ ਆਜ਼ਾਦ ਉਮੀਦਵਾਰ ਵਜੋਂ ਵੀ ਮੈਦਾਨ ਵਿਚ ਉਤਾਰਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਪਾਰਟੀ ਲਈ ਮਿਹਨਤ ਕਰ ਰਹੇ ਹਨ। ਇਸ ਲਈ ਜੇਕਰ ਪਾਰਟੀ ਨੇ ਟਿਕਟ ਦੇਣੀ ਹੈ ਤਾਂ ਉਹ ਕਿਸੇ ਪੁਰਾਣੇ ਵਰਕਰ ਜਾਂ ਆਗੂ ਨੂੰ ਦੇਵੇ। ਹਾਲਾਂਕਿ ਆਮ ਆਦਮੀ ਪਾਰਟੀ ਜ਼ਿਮਨੀ ਚੋਣ ਲਈ ਉਮੀਦਵਾਰ ਦਾ ਐਲਾਨ ਕਦੋਂ ਕਰਦੀ ਹੈ। ਇਹ ਸਮੇਂ ਦੇ ਗਰਬ ਵਿਚ ਹੈ ਪਰ ਦਾਅਵੇਦਾਰਾਂ ਵੱਲੋਂ ਕੀਤੇ ਗਏ ਉਕਤ ਐਲਾਨ ਤੋਂ ਬਾਅਦ ਜ਼ਿਮਨੀ ਚੋਣ ਤੋਂ ਪਹਿਲਾਂ ਜਿਥੇ ਪਾਰਟੀ ਦੀਆਂ ਚਿੰਤਾਵਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਇਸ ਮੌਕੇ ਪਾਰਟੀ ਦੀ ਜਨਰਲ ਸਕੱਤਰ ਅੰਜੂ ਵਰਮਾ, ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਲਖਬੀਰ ਸਿੰਘ ਫੌਜੀ ਸਮੇਤ ਹੋਰ ਪਾਰਟੀ ਆਗੂ ਅਤੇ ਪਿੰਡਾਂ ਦੇ ਮੋਹਬਰ ਵੀ ਹਾਜ਼ਰ ਸਨ।
ਪਾਰਟੀ ਜੋ ਫੈਸਲਾ ਲਵੇਗੀ, ਉਸ ’ਤੇ ਪਹਿਰਾ ਦੇਵਾਂਗੇ- ਸੰਧੂ
ਦੂਜੇ ਪਾਸੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਤਰਨਤਾਰਨ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਕਿਹਾ ਸੀ ਕਿ ਉਨ੍ਹਾਂ ਨੇ ਸ਼ਮੂਲੀਅਤ ਕਰਕੇ ਪਾਰਟੀ ਲਈ ਕੰਮ ਕਾਜ ਸ਼ੁਰੂ ਕੀਤਾ ਹੈ। ਪਾਰਟੀ ਅੱਗੇ ਜਾ ਕੇ ਕੀ ਫੈਸਲਾ ਕਰਦੀ ਹੈ, ਇਸ ਬਾਰੇ ਉਹ ਕੁਝ ਨਹੀਂ ਕਹਿ ਸਕਦੇ। ਉਹ ਪਾਰੀਟ ਵੱਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਨਿਭਾਉਣਗੇ ਅਤੇ ਪਾਰਟੀ ਕੰਮ ਵੇਖ ਕੇ ਜੋ ਫੈਸਲਾ ਲਵੇਗੀ, ਉਸ ਉੱਪਰ ਡੱਟ ਕੇ ਪਹਿਰਾ ਦਿੱਤਾ ਜਾਵੇਗਾ।



