
ਲੁਧਿਆਣਾ, 16 ਫਰਵਰੀ- ਸੋਨੇ ਦੇ ਗਹਿਣੇ ਖਰੀਦਣ ਦੇ ਬਹਾਨੇ ਸ਼ੋਅਰੂਮ ਅੰਦਰ ਦਾਖਲ ਹੋਏ ਦੋ ਨੌਜਵਾਨਾਂ ਨੇ ਸਵਾ ਲੱਖ ਰੁਪਏ ਦੀ ਕੀਮਤ ਦੀਆਂ ਦੋ ਮੁੰਦਰੀਆਂ ਚੋਰੀ ਕਰ ਲਈਆਂ । ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਸੈਲਰ ਰੋਡ ਬੈਂਕ ਕਲੋਨੀ ਦੇ ਵਾਸੀ ਕਾਰੋਬਾਰੀ ਸੁਰਿੰਦਰ ਸਿੰਘ ਦੀ ਸ਼ਿਕਾਇਤ ਤੇ ਦੁਰਗਾਪੁਰੀ ਹੈਬੋਵਾਲ ਕਲਾ ਦੇ ਵਾਸੀ ਇਸ਼ਾਨ ਅਤੇ ਇੱਕ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਫੁਆਰਾ ਚੌਂਕ ਦੇ ਲਾਗੇ ਵਿਵੇਕ ਧੀਰ ਜ਼ਿਊਲਰਜ ਨਾਮ ਦੀ ਦੁਕਾਨ ਚਲਾਉਂਦੇ ਹਨ । ਬੀਤੇ ਦਿਨ ਦੋ ਨੌਜਵਾਨ ਯੂਪੀਟਰ ਸਕੂਟਰੀ ਤੇ ਸਵਾਰ ਹੋ ਕੇ ਉਨ੍ਹਾਂ ਦੀ ਦੁਕਾਨ ਤੇ ਆਏ । ਮੁਲਜ਼ਮਾਂ ਨੇ ਸੋਨੇ ਦੇ ਗਹਿਣੇ ਦੇਖਣ ਦੇ ਬਹਾਨੇ ਦੁਕਾਨਦਾਰ ਨੂੰ ਉਲਝਾ ਲਿਆ । ਦੁਕਾਨਦਾਰ ਦਾ ਧਿਆਨ ਭਟਕਿਆ ਦੇਖ ਮੁਲਜ਼ਮਾਂ ਨੇ ਸੋਨੇ ਦੀਆਂ ਦੋ ਮੁੰਦਰੀਆਂ ਚੋਰੀ ਕਰ ਲਈਆਂ । ਮੁਲਜ਼ਮ ਗਹਿਣੇ ਨਾ ਪਸੰਦ ਆਉਣ ਦੀ ਗੱਲ ਆ ਕੇ ਦੁਕਾਨ ਚੋਂ ਬਾਹਰ ਚਲੇ ਗਏ । ਗਿਣਤੀ ਦੇ ਦੌਰਾਨ 14 ਗ੍ਰਾਮ ਸੋਨਾ ਘੱਟ ਪਾਇਆ ਗਿਆ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ‘ਤੇ ਸਾਰਾ ਮਾਮਲਾ ਸਾਫ਼ ਹੋ ਗਿਆ । ਉਧਰੋਂ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਥਾਣੇਦਾਰ ਲਖਵਿੰਦਰ ਮਸੀਹ ਨੇ ਦੱਸਿਆ ਕਿ ਪੜਤਾਲ ਦੇ ਦੌਰਾਨ ਇੱਕ ਮੁਲਜ਼ਮ ਦੀ ਸ਼ਨਾਖਤ ਹੋ ਗਈ ਹੈ। ਪੁਲਿਸ ਨੇ ਦੁਰਗਾਪੁਰੀ ਹੈਬੋਵਾਲ ਕਲਾਂ ਦੇ ਵਾਸੀ ਇਸ਼ਾਨ ਅਤੇ ਇੱਕ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।



