
ਫ਼ਿਰੋਜ਼ਪੁਰ, 31 ਮਈ- ਸ਼ੁੱਕਰਵਾਰ ਦੇਰ ਰਾਤ ਬਲਾਕ ਮਮਦੋਟ ਅਧੀਨ ਪੈਂਦੇ ਪਿੰਡ ਅਲਫੂਕੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਗੁੱਟਾਂ ਵਿੱਚ ਲੜਾਈ ਹੋ ਗਈ। ਇਸ ਦੌਰਾਨ ਗੋਲ਼ੀ ਲੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਥਾਣਾ ਲੱਖੋਕੇ ਬਹਿਰਾਮ ਦੀ ਪੁਲਿਸ ਨੇ ਛੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 24 ਸਾਲਾ ਮ੍ਰਿਤਕ ਗੁਰਵਿੰਦਰ ਸਿੰਘ ਉਰਫ਼ ਗਗਨ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਪੋਜੋਕੇ ਦੇ ਦਾਦਾ ਮੁਨਸ਼ਾ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸ਼ੁੱਕਰਵਾਰ ਸ਼ਾਮ 5:30 ਵਜੇ ਘਰੋਂ ਆਪਣੀ ਸਾਈਕਲ ਵਿੱਚ ਪੈਟਰੋਲ ਭਰਨ ਲਈ ਗਿਆ ਸੀ। ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਉਹ ਉਸ ਤੋਂ ਬਾਅਦ ਉੱਥੇ ਕਿਵੇਂ ਪਹੁੰਚਿਆ। ਉਕਤ ਘਟਨਾ ਤੋਂ ਬਾਅਦ ਦੇਰ ਰਾਤ ਉਸਨੂੰ ਫੋਨ ‘ਤੇ ਸੂਚਨਾ ਮਿਲੀ ਕਿ ਗੁਰਵਿੰਦਰ ਸਿੰਘ ਨੂੰ ਗੋਲ਼ੀ ਮਾਰ ਦਿੱਤੀ ਗਈ ਹੈ। ਇਸ ਤੋਂ ਬਾਅਦ ਉਸਨੂੰ ਪਹਿਲਾਂ ਫਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸਨੂੰ ਲੁਧਿਆਣਾ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਦਰਸ਼ਨ ਸਿੰਘ, ਅਵਤਾਰ ਸਿੰਘ, ਮਨਰਾਜ, ਹਸਨਦੀਪ ਸਿੰਘ, ਨਰਿੰਦਰ ਸਿੰਘ, ਹਰਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



