
ਜਲੰਧਰ, 4 ਅਗਸਤ : ਸ਼ਹਿਰ ’ਚ ਦਿਨੋਂ-ਦਿਨ ਨਾਜਾਇਜ਼ ਸ਼ਰਾਬ ਤਸਕਰੀ ਦੇ ਮਾਮਲੇ ਵਧਦੇ ਜਾ ਰਹੇ ਹਨ ਤੇ ਪੁਲਿਸ ਪ੍ਰਸ਼ਾਸਨ ਦੀ ਸਖ਼ਤੀ ਦੇ ਬਾਵਜੂਦ, ਇਸ ਗ਼ੈਰ-ਕਾਨੂੰਨੀ ਕਾਰੋਬਾਰ ’ਚ ਸ਼ਾਮਲ ਲੋਕਾਂ ਦੀ ਗਿਣਤੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਹੁਣ ਇਸ ਅਪਰਾਧ ’ਚ ਨੌਜਵਾਨਾਂ ਦੀ ਸ਼ਮੂਲੀਅਤ ਤੇਜ਼ੀ ਨਾਲ ਵਧ ਰਹੀ ਹੈ ਤੇ ਔਰਤਾਂ ਵੀ ਇਸ ਗ਼ੈਰ-ਕਾਨੂੰਨੀ ਕਾਰੋਬਾਰ ’ਚ ਸ਼ਾਮਲ ਹੋ ਗਈਆਂ ਹਨ। ਜਲੰਧਰ ਪੁਲਿਸ ਵੱਲੋਂ ਪਿਛਲੇ ਛੇ ਮਹੀਨਿਆਂ ’ਚ ਕੀਤੀ ਗਈ ਕਾਰਵਾਈ ਦੇ ਅੰਕੜੇ ਦਰਸਾਉਂਦੇ ਹਨ ਕਿ ਗ਼ੈਰ-ਕਾਨੂੰਨੀ ਸ਼ਰਾਬ ਤਸਕਰੀ ਦੇ ਦੋਸ਼ਾਂ ’ਚ 100 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ’ਚੋਂ 75 ਦੇ ਕਰੀਬ ਨੌਜਵਾਨ 30 ਸਾਲ ਤੋਂ ਘੱਟ ਉਮਰ ਦੇ ਹਨ। ਇਸ ਤੋਂ ਇਲਾਵਾ 10 ਤੋਂ ਵੱਧ ਔਰਤਾਂ ਵੀ ਸ਼ਰਾਬ ਤਸਕਰੀ ’ਚ ਸ਼ਾਮਲ ਪਾਈਆਂ ਗਈਆਂ ਹਨ, ਜਿਨ੍ਹਾਂ ਨੂੰ ਪੁਲਿਸ ਨੇ ਵੱਖ-ਵੱਖ ਮਾਮਲਿਆਂ ’ਚ ਫੜਿਆ ਹੈ। ਸ਼ਰਾਬ ਤਸਕਰੀ ’ਚ ਨੌਜਵਾਨਾਂ ਦੀ ਸ਼ਮੂਲੀਅਤ ਇਸ ਲਈ ਵਧ ਰਹੀ ਹੈ ਕਿਉਂਕਿ ਤਸਕਰੀ ’ਚ ਫੜੇ ਗਏ ਲੋਕਾਂ ਨੂੰ ਥਾਣੇ ’ਚ ਹੀ ਜ਼ਮਾਨਤ ਮਿਲ ਜਾਂਦੀ ਹੈ ਤੇ ਅਦਾਲਤ ’ਚ ਵੀ ਸ਼ਰਾਬ ਤਸਕਰ ਸਿਰਫ਼ ਜੁਰਮਾਨਾ ਭਰ ਕੇ ਰਿਹਾਅ ਹੋ ਜਾਂਦੇ ਹਨ। ਨੌਜਵਾਨਾਂ ਦਾ ਰੁਝਾਨ ਅਪਰਾਧ ਵੱਲ ਕਾਨੂੰਨੀ ਮਾਹਿਰਾਂ ਦੀ ਮੰਨੀਏ ਤਾਂ ਸ਼ਰਾਬ ਦੀ ਤਸਕਰੀ ’ਚ ਸਜ਼ਾ ਦੇ ਸਖ਼ਤ ਪ੍ਰਬੰਧ ਦੀ ਘਾਟ ਇਸ ਗੈਰ-ਕਾਨੂੰਨੀ ਕਾਰੋਬਾਰ ’ਚ ਨੌਜਵਾਨਾਂ ਦੀ ਭਾਗੀਦਾਰੀ ਨੂੰ ਵਧਾ ਰਹੀ ਹੈ। ਮੌਜੂਦਾ ਕਾਨੂੰਨ ਦੇ ਤਹਿਤ ਜੇਕਰ ਕੋਈ ਮੁਲਜ਼ਮ ਗੈਰ-ਕਾਨੂੰਨੀ ਸ਼ਰਾਬ ਨਾਲ ਫੜਿਆ ਜਾਂਦਾ ਹੈ ਤਾਂ ਉਸਨੂੰ ਸਿਰਫ ਆਬਕਾਰੀ ਐਕਟ ਤਹਿਤ ਹੀ ਜੁਰਮਾਨਾ ਭਰਨਾ ਪੈਂਦਾ ਹੈ। ਸਜ਼ਾ ਦੀ ਅਣਹੋਂਦ ਕਾਰਨ ਮੁਲਜ਼ਮ ਜਲਦੀ ਹੀ ਜ਼ਮਾਨਤ ’ਤੇ ਬਾਹਰ ਆ ਜਾਂਦੇ ਹਨ ਤੇ ਦੁਬਾਰਾ ਤਸਕਰੀ ਸ਼ੁਰੂ ਕਰ ਦਿੰਦੇ ਹਨ। ਹਾਲਾਂਕਿ, ਜਿਨ੍ਹਾਂ ਮਾਮਲਿਆਂ ’ਚ ਦੂਜੇ ਸੂਬਿਆਂ ਤੋਂ ਲਿਆਂਦੀ ਗਈ ਸ਼ਰਾਬ ਫੜੀ ਜਾਂਦੀ ਹੈ, ਉੱਥੇ ਧੋਖਾਧੜੀ ਦੀਆਂ ਧਾਰਾਵਾਂ ਵੀ ਜੋੜੀਆਂ ਜਾਂਦੀਆਂ ਹਨ, ਜਿਸ ਨਾਲ ਮਾਮਲਾ ਹੋਰ ਗੰਭੀਰ ਹੋ ਜਾਂਦਾ ਹੈ ਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ’ਚ ਲੰਮਾ ਸਮਾਂ ਲਗ ਸਕਦਾ ਹੈ। ਮਹਿਲਾ ਤਸਕਰਾਂ ਦੀ ਸ਼ਮੂਲੀਅਤ ਪੁਲਿਸ ਰਿਕਾਰਡ ਇਹ ਵੀ ਦਰਸਾਉਂਦਾ ਹੈ ਕਿ ਹੁਣ ਔਰਤਾਂ ਵੀ ਇਸ ਕਾਰੋਬਾਰ ’ਚ ਸ਼ਾਮਲ ਹੋ ਗਈਆਂ ਹਨ। ਉਹ ਆਪਣੇ ਉੱਪਰ ਕਿਸੇ ਤਰ੍ਹਾਂ ਦਾ ਸੰਦੇਹ ਨਾ ਹੋਣ ਦਾ ਫਾਇਦਾ ਚੁੱਕਦੇ ਹੋਏ ਸ਼ਰਾਬ ਦੀ ਸਪਲਾਈ ’ਚ ਲੱਗੀ ਹੈ। ਬਹੁਤ ਸਾਰੇ ਮਾਮਲਿਆਂ ’ਚ ਔਰਤਾਂ ਆਪਣੇ ਘਰਾਂ ਤੋਂ ਸ਼ਰਾਬ ਵੇਚ ਰਹੀਆਂ ਸਨ, ਜਦੋਂ ਕਿ ਕੁਝ ਟਰਾਂਸਪੋਰਟ ਜਾਂ ਟੈਕਸੀਆਂ ਰਾਹੀਂ ਖੇਪ ਭੇਜਦੀਆਂ ਸਨ। ਪੁਲਿਸ ਦੀ ਕਾਰਵਾਈ ਤੇ ਚੁਣੌਤੀਆਂ ਜਲੰਧਰ ਪੁਲਿਸ ਨੇ ਇਨ੍ਹਾਂ 6 ਮਹੀਨਿਆਂ ’ਚ ਲਗਭਗ 1500 ਲੀਟਰ ਗੈਰ-ਕਾਨੂੰਨੀ ਸ਼ਰਾਬ ਜ਼ਬਤ ਕੀਤੀ ਹੈ, ਜਿਸ ’ਚ ਦੇਸੀ ਸ਼ਰਾਬ, ਅੰਗਰੇਜ਼ੀ ਵ੍ਹਿਸਕੀ, ਬੀਅਰ ਤੇ ਵਾਈਨ ਸ਼ਾਮਲ ਹੈ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਇਹ ਕਾਰਵਾਈ ਤਸਕਰਾਂ ਵੱਲੋਂ ਵਰਤੇ ਜਾਂਦੇ ਵਾਹਨਾਂ ਦੀ ਜਾਂਚ, ਸ਼ਹਿਰ ’ਚ ਨਾਕਾਬੰਦੀ ਤੇ ਸੂਚਨਾ ਪ੍ਰਣਾਲੀ ਦੀ ਮਦਦ ਨਾਲ ਸੰਭਵ ਹੋਈ ਹੈ। ਗੈਰ-ਕਾਨੂੰਨੀ ਸ਼ਰਾਬ ਵੇਚਣ ਵਾਲਿਆਂ ’ਤੇ ਨਜ਼ਰ ਰੱਖਣ ਲਈ ਥਾਣਾ ਪੱਧਰ ’ਤੇ ਵਿਸ਼ੇਸ਼ ਟੀਮਾਂ ਬਣਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ, ਪੁਲਿਸ ਹੁਣ ਡਿਜੀਟਲ ਨੈੱਟਵਰਕਿੰਗ ਤੇ ਸੀਸੀਟੀਵੀ ਫੁਟੇਜ ਰਾਹੀਂ ਵੀ ਇਨ੍ਹਾਂ ਮੁਲਜ਼ਮਾਂ ਦੀ ਪਛਾਣ ਕਰ ਰਹੀ ਹੈ। ਸ਼ਰਾਬ ਤਸਕਰੀ ਦੇ ਅੰਕੜੇ (ਪਿਛਲੇ 6 ਮਹੀਨੇ) ਕੁੱਲ ਮੁਲਜ਼ਮ 100 ਗ੍ਰਿਫ਼ਤਾਰ 30 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਲਗਭਗ 75 ਔਰਤਾਂ 10 ਗ੍ਰਿਫ਼ਤਾਰ 1500 ਲੀਟਰ ਗੈਰ-ਕਾਨੂੰਨੀ ਸ਼ਰਾਬ ਜ਼ਬਤ ਦੇਸੀ, ਅੰਗਰੇਜ਼ੀ, ਬੀਅਰ, ਵਾਈਨ ਵਰਗੀਆਂ ਕਿਸਮਾਂ ਦੀ ਸ਼ਰਾਬ ਜ਼ਬਤ ਪੰਜਾਬ ਤੋਂ ਬਾਹਰਲੇ ਸੂਬਿਆਂ ਤੋਂ ਸਪਲਾਈ – ਹਰਿਆਣਾ, ਹਿਮਾਚਲ, ਚੰਡੀਗੜ੍ਹ ਧੋਖਾਧੜੀ ਦੇ ਮਾਮਲੇ ਦਰਜ… 15 ਮਾਮਲੇ ਜਿੱਥੇ ਨਾਜਾਇਜ਼ ਸ਼ਰਾਬ ਫੜੀ ਗਈ।



