
ਕਿਸ਼ਨਗੜ੍ਹ, 25 ਦਸੰਬਰ : ਜਲੰਧਰ ਦੇ ਨਜ਼ਦੀਕੀ ਪਿੰਡ ਬੁਲੰਦਪੁਰ ਵਿਖੇ ਪੁਲਿਸ ਅਤੇ ਬਦਮਾਸ਼ਾਂ ਦੇ ਵਿੱਚ ਗੋਲੀਬਾਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਦੱਸਿਆ ਜਾ ਰਿਹਾ ਕਿ ਜਲੰਧਰ ਪੁਲਿਸ ਦੋ ਬਦਮਾਸ਼ਾਂ ਦਾ ਪਿੱਛਾ ਕਰ ਰਹੀ ਸੀ। ਜਿਨਾਂ ਨੂੰ ਸਰੰਡਰ ਕਰਨ ਵਾਸਤੇ ਕਿਹਾ ਗਿਆ ਪਰ ਉਹਨਾਂ ਵੱਲੋਂ ਪੁਲਿਸ ’ਤੇ ਫਾਇਰਿੰਗ ਕੀਤੀ ਗਈ। ਫਾਇਰਿੰਗ ਦੌਰਾਨ ਜਲੰਧਰ ਪੁਲਿਸ ਅਤੇ ਬਦਮਾਸ਼ਾਂ ਵਿੱਚ ਹੋਈ ਗੋਲੀਬਾਰੀ ਦੌਰਾਨ ਦੋਵੇਂ ਬਦਮਾਸ਼ ਦੇ ਪੈਰਾਂ ਤੇ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਹਨ, ਜਿਨਾਂ ਨੂੰ ਪੁਲਿਸ ਨੇ ਮੌਕੇ ’ਤੇ ਕਾਬੂ ਕਰ ਲਿਆ। ਮਿਲੀ ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਦੋਵੇਂ ਬਦਮਾਸ਼ ਦਾਦੇਵਾਲ ਅਤੇ ਹੈਰੀ ਚੱਡਾ ਗਰੁੱਪ ਦੇ ਨਾਲ ਸੰਬੰਧ ਰੱਖਦੇ ਹਨ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 22 ਤਰੀਕ ਨੂੰ ਪਠਾਨਕੋਟ ਚੌਂਕ ਨਜ਼ਦੀਕ ਸਥਿਤ ਡੀ-ਮਾਰਟ ਦੇ ਬਾਹਰ ਗਨ ਪੁਆਇੰਟ ’ਤੇ ਸਨੈਚਿੰਗ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਦੀ 23 ਤਰੀਕ ਨੂੰ ਸ਼ਿਕਾਇਤ ਮਿਲਣ ਉਪਰੰਤ ਥਾਣਾ ਡਿਵੀਜ਼ਨ ਨੰਬਰ ਅੱਠ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਸਬੰਧੀ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਰੇਡ ਕੀਤੀ ਗਈ। ਇਸ ਦੌਰਾਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੈਂਗਸਟਰ ਇਸ ਇਲਾਕੇ ਵਿੱਚ ਛੁਪੇ ਹੋਏ ਹਨ। ਇਸ ਦੌਰਾਨ ਪੁਲਿਸ ਵੱਲੋਂ ਬਦਮਾਸ਼ਾਂ ਨੂੰ ਕਾਬੂ ਕਰਨ ਲਈ ਨਾਕੇਬੰਦੀ ਕੀਤੀ ਹੋਈ ਸੀ। ਇਸ ਦੌਰਾਨ ਦੋ ਬਦਮਾਸ਼ ਮੋਟਰਸਾਈਕਲ ’ਤੇ ਸਵਾਰ ਹੋ ਕੇ ਆ ਰਹੇ ਸਨ ਜਿਨਾਂ ਨੂੰ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਬਦਮਾਸ਼ਾਂ ਨੇ ਪੁਲਿਸ ’ਤੇ ਫਾਇਰਿੰਗ ਕਰ ਦਿੱਤੀ।



