ਜਮੈਟੋ ਦੇ ਡਿਲੀਵਰੀ ਬੁਆਏ ਦੀ ਕੁੱਟਮਾਰ ਕਰਕੇ ਲੁੱਟਿਆ ਨਵਾਂ ਮੋਟਰਸਾਈਕਲ, ਚੌਂਕੀ ਦੇ ਸਾਹਮਣੇ ਦਿੱਤਾ ਵਾਰਦਾਤ ਨੂੰ ਅੰਜਾਮ

ਲੁਧਿਆਣਾ, 3 ਅਗਸਤ : ਫੂਡ ਦੀ ਡਿਲੀਵਰੀ ਦੇ ਕੇ ਘਰ ਵਾਪਸ ਪਰਤ ਰਹੇ ਜਮੈਟੋ ਕੰਪਨੀ ਦੇ ਮੁਲਾਜ਼ਮ ਨੂੰ ਨਿਸ਼ਾਨਾ ਬਣਾਉਂਦਿਆਂ ਤਿੰਨ ਬਦਮਾਸ਼ਾਂ ਨੇ ਉਸ ਉੱਪਰ ਡੰਡਿਆਂ ਨਾਲ ਤਾਬੜ-ਤੋੜ ਵਾਰ ਕੀਤੇ ਤੇ ਉਸ ਦਾ ਨਵਾਂ ਮੋਟਰਸਾਈਕਲ ਤੇ ਮੋਬਾਈਲ ਫੋਨ ਲੁੱਟ ਲਿਆ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਲੁਹਾਰਾ ਦੇ ਸਤਿਗੁਰੂ ਨਗਰ ਲੇਬਰ ਮੰਡੀ ਚੌਂਕ ਦੇ ਰਹਿਣ ਵਾਲੇ ਪ੍ਰਦੀਪ ਕੁਮਾਰ ਦੀ ਸ਼ਿਕਾਇਤ ਤੇ ਤਿੰਨ ਅਣਪਛਾਤੇ ਬਦਮਾਸ਼ਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਆਪ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਹ ਕੁਝ ਦਿਨ ਪਹਿਲੋਂ ਫੂਡ ਦੀ ਡਿਲੀਵਰੀ ਦੇ ਕੇ ਆਪਣੇ ਸਪਲੈਂਡਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਸਮਰਾਲਾ ਚੌਂਕ ਤੋਂ ਘਰ ਵੱਲ ਜਾ ਰਿਹਾ ਸੀ। ਉਹ ਜਿਵੇਂ ਹੀ ਕੈਂਸਰ ਹਸਪਤਾਲ ਵਾਲਾ ਪੁੱਲ ਕ੍ਰਾਸ ਕਰਕੇ ਸ਼ੇਰਪੁਰ ਪੁਲਿਸ ਚੌਂਕੀ ਦੇ ਸਾਹਮਣੇ ਪੈਂਦੇ ਪੁੱਲ ਉੱਪਰ ਪਹੁੰਚਿਆ ਤਾਂ ਤਿੰਨ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ। ਮੁਲਜ਼ਮਾਂ ਦੇ ਹੱਥਾਂ ਵਿੱਚ ਡੰਡੇ ਸਨ। ਨੌਜਵਾਨਾਂ ਨੇ ਅਚਾਨਕ ਪ੍ਰਦੀਪ ਕੁਮਾਰ ਉੱਪਰ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਲੱਤਾਂ ਬਾਵਾਂ ਤੇ ਸਿਰ ਉੱਪਰ ਵਾਰ ਕੀਤੇ। ਹੈਲਮਟ ਪਾਉਣ ਕਾਰਨ ਉਸ ਦੇ ਸਿਰ ਤੇ ਸੱਟ ਦਾ ਬਚਾ ਰਿਹਾ ਪਰ ਗੋਡੇ ਅਤੇ ਬਾਂਹ ਤੇ ਗੁੱਜੀਆਂ ਸੱਟਾਂ ਲੱਗੀਆਂ। ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਮੁਲਜਮ ਪ੍ਰਦੀਪ ਕੁਮਾਰ ਦਾ ਮੋਬਾਈਲ ਫੋਨ ਤੇ ਮੋਟਰਸਾਈਕਲ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ।



