ਜਨਤਕ ਥਾਵਾਂ ’ਤੇ ਕਿਰਪਾਨ ਪਹਿਨਣ ਦੇ ਅਧਿਕਾਰ ਲਈ SGPC ਪੁੱਜੀ ਹਾਈ ਕੋਰਟ, ਸਿੱਖ ਪ੍ਰਤੀਕਾਂ ਲਈ ਸਮਾਨ ਦਿਸ਼ਾ-ਨਿਰਦੇਸ਼ਾਂ ਦੀ ਕੀਤੀ ਮੰਗ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 30 ਜੁਲਾਈ : ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਜਨਹਿਤ ਪਟੀਸ਼ਨ ਦਾਇਰ ਕਰ ਕੇ ਸਿੱਖਾਂ ਦੇ ਕਿਰਪਾਨ ਪਹਿਨਣ ਅਤੇ ਇਸ ਨੂੰ ਆਪਣੇ ਨਾਲ ਰੱਖਣ ਦੇ ਮੌਲਿਕ ਅਧਿਕਾਰ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਮੰਗ ਕੀਤੀ ਹੈ। ਪਟੀਸ਼ਨ ਵਿਚ ਸੰਵਿਧਾਨ ਦੇ ਅਨੁਛੇ 25 ਦਾ ਹਵਾਲਾ ਦਿੱਤਾ ਗਿਆ ਹੈ, ਜੋ ਨਾਗਰਿਕਾਂ ਨੂੰ ਆਪਣੇ ਧਰਮ ਦੇ ਪਾਲਣ ਅਤੇ ਪ੍ਰਚਾਰ ਦਾ ਅਧਿਕਾਰ ਦਿੰਦਾ ਹੈ। ਪਟੀਸ਼ਨ ਦਾ ਪਿਛੋਕੜ 23 ਜੂਨ 2024 ਨੂੰ ਰਾਜਸਥਾਨ ਦੇ ਜੋਧਪੁਰ ਵਿਚ ਵਾਪਰੀ ਇਕ ਘਟਨਾ ਹੈ, ਜਿੱਥੇ ਅੰਮ੍ਰਿਤਧਾਰੀ ਸਿੱਖ ਅਤੇ ਪੇਸ਼ੇ ਤੋਂ ਵਕੀਲ ਨੌਜਵਾਨ ਨੂੰ ਰਾਜਸਥਾਨ ਨਿਆਇਕ ਸੇਵਾ ਦੀ ਪ੍ਰੀਖਿਆ ਵਿਚ ਸਿਰਫ ਇਸ ਲਈ ਸ਼ਾਮਲ ਨਹੀਂ ਹੋਣ ਦਿੱਤਾ ਗਿਆ ਕਿਉਂਕਿ ਉਸ ਨੇ ਪੰਜ ਇੰਚ ਦੀ ਕਿਰਪਾਨ ਪਹਿਨੀ ਹੋਈ ਸੀ। ਪਟੀਸ਼ਨ ਅਨੁਸਾਰ, ਪ੍ਰੀਖਿਆ ਕੇਂਦਰ ’ਤੇ ਮੌਜੂਦ ਨੋਡਲ ਅਧਿਕਾਰੀ, ਜੋ ਕਿ ਜ਼ਿਲ੍ਹਾ ਜੱਜ ਸਨ, ਨੇ ਉਨ੍ਹਾਂ ਨੂੰ ਪ੍ਰੀਖਿਆ ਹਾਲ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਮਾਮਲੇ ਹਰਿਆਣਾ ਅਤੇ ਦਿੱਲੀ ਵਿਚ ਹੋਣ ਵਾਲੀਆਂ ਕਈ ਪ੍ਰੀਖਿਆਵਾਂ ਵਿਚ ਵੀ ਵਾਪਰੇ ਹਨ। ਪਟੀਸ਼ਨਰਾਂ ਨੇ ਦਲੀਲ ਦਿੱਤੀ ਹੈ ਕਿ ਕਿਰਪਾਨ ਸਿਰਫ ਇਕ ਵਸਤੂ ਨਹੀਂ, ਬਲਕਿ ਸਿੱਖ ਧਰਮ ਦੇ ਪੰਜ ਕਕਾਰਾਂ (ਕੇਸ਼, ਕੜਾ, ਕੰਗਾ, ਕਿਰਪਾਨ ਅਤੇ ਕਛਹਿਰਾ) ਵਿੱਚੋਂ ਇਕ ਜ਼ਰੂਰੀ ਧਾਰਮਿਕ ਪ੍ਰਤੀਕ ਹੈ ਅਤੇ ਇਸ ਨੂੰ ਪਹਿਨਣਾ ਸਿੱਖਾਂ ਦਾ ਮੌਲਿਕ ਅਧਿਕਾਰ ਹੈ। ਪਟੀਸ਼ਨ ਵਿਚ ਪਿਛਲੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਜਿੱਥੇ ਸਿੱਖਾਂ ਨੂੰ ਕਿਰਪਾਨ ਦੇ ਕਾਰਨ ਜਨਤਕ ਸਥਾਨਾਂ ’ਤੇ ਦਾਖਲੇ ਤੋਂ ਵਾਂਝਾ ਕੀਤਾ ਗਿਆ। ਪਟੀਸ਼ਨ ਵਿਚ ਮੰਗ ਕੀਤੀ ਗਈ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਮਿਲ ਕੇ ਅਜਿਹੇ ਸਮਾਨ ਦਿਸ਼ਾ-ਨਿਰਦੇਸ਼ ਤਿਆਰ ਕਰਨ, ਤਾਂ ਜੋ ਪ੍ਰੀਖਿਆ ਕੇਂਦਰਾਂ, ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਹੋਰ ਜਨਤਕ ਸਥਾਨਾਂ ’ਤੇ ਸਿੱਖਾਂ ਨੂੰ ਧਾਰਮਿਕ ਪ੍ਰਤੀਕਾਂ ਨਾਲ ਬਿਨਾਂ ਭੇਦਭਾਵ ਦਾਖਲ ਹੋਣ ਦੀ ਆਗਿਆ ਮਿਲ ਸਕੇ। ਪਟੀਸ਼ਨ ਵਿਚ ਇਕ ਵਿਸ਼ੇਸ਼ ਕਮੇਟੀ ਦੇ ਗਠਨ ਦੀ ਵੀ ਸਿਫਾਰਸ਼ ਕੀਤੀ ਗਈ ਹੈ, ਜਿਸ ਵਿਚ ਧਰਮ, ਕਾਨੂੰਨ ਅਤੇ ਇਤਿਹਾਸ ਦੇ ਵਿਦਵਾਨ ਸ਼ਾਮਲ ਹੋਣ, ਤਾਂ ਜੋ ਉਹ ਕਿਰਪਾਨ ਅਤੇ ਹੋਰ ਸਿੱਖ ਪ੍ਰਤੀਕਾਂ ’ਤੇ ਸਾਫ ਦਿਸ਼ਾ-ਨਿਰਦੇਸ਼ ਤਿਆਰ ਕਰ ਸਕਣ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਇਹ ਨਿਰਦੇਸ਼ ਦਿੱਤਾ ਜਾਵੇ ਕਿ ਉਹ ਕਿਰਪਾਨ ਪਹਿਨਣ ਦੇ ਅਧਿਕਾਰ ਦੀ ਸੰਵਿਧਾਨਕ ਸੁਰੱਖਿਆ ਯਕੀਨੀ ਬਣਾਉਣ। ਸਮਾਨ ਅਤੇ ਸਾਫ ਦਿਸ਼ਾ-ਨਿਰਦੇਸ਼ ਬਣਾਏ ਜਾਣ, ਤਾਂ ਜੋ ਸਿੱਖ ਸਮੁਦਾਇ ਨੂੰ ਕਦੇ ਵੀ ਧਾਰਮਿਕ ਪ੍ਰਤੀਕਾਂ ਦੇ ਮਾਮਲੇ ਵਿਚ ਭੇਦਭਾਵ ਦਾ ਸਾਹਮਣਾ ਨਾ ਕਰਨਾ ਪਵੇ। ਐੱਸਜੀਪੀਸੀ ਵੱਲੋਂ ਦਾਇਰ ਕੀਤੀ ਗਈ ਇਸ ਪਟੀਸ਼ਨ ਵਿਚ ਕੇਂਦਰ, ਪੰਜਾਬ, ਹਰਿਆਣਾ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਧਿਰ ਬਣਾਇਆ ਗਿਆ ਹੈ।



