
ਜਗਰਾਓਂ, 25 ਮਈ- ਮੋਗਾ ਦੇ ਬਾਘਾ ਪੁਰਾਣਾ ਦੇ ਰਹਿਣ ਵਾਲੇ ਸੁਖਦੀਪ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇਕ ਵਿਆਹੁਤਾ ਔਰਤ ਨਾਲ ਦੋਸਤੀ ਕੀਤੀ ਤਾਂ ਉਸ ਔਰਤ ਨੇ ਰਾਤ ਨੂੰ ਜਗਰਾਓਂ ਨੇੜੇ ਨਾਨਕਸਰ ਹਾਈਵੇਅ ਪੁਲ ਕੋਲ ਸੁਖਦੀਪ ਨੂੰ ਫ਼ੋਨ ਕਰ ਕੇ ਕਿਹਾ ਕਿ ਉਸਦੇ ਪਰਿਵਾਰ ਨੇ ਉਸਨੂੰ ਘਰੋਂ ਕੱਢ ਦਿੱਤਾ ਹੈ। ਇਸ ‘ਤੇ ਸੁਖਦੀਪ ਸਿੰਘ ਆਪਣੇ 23 ਸਾਲਾ ਦੋਸਤ ਗੁਰਪ੍ਰੀਤ ਸਿੰਘ, ਜੋ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਨੱਥੋਕੇ ਦਾ ਵਸਨੀਕ ਹੈ (ਜੋ ਸੁਖਦੀਪ ਸਿੰਘ ਨਾਲ ਮਜ਼ਦੂਰੀ ਕਰਦਾ ਸੀ) ਨੂੰ ਆਪਣੇ ਮੋਟਰਸਾਈਕਲ ‘ਤੇ ਨਾਨਕਸਰ ਹਾਈਵੇਅ ਪੁਲ ‘ਤੇ ਨਾਲ ਲੈ ਆਇਆ। ਕੁੜੀ ਦਾ ਪਰਿਵਾਰ ਸਾਹਮਣੇ ਮੌਜੂਦ ਸੀ ਜਿਨ੍ਹਾਂ ਨੇ ਦੋਵਾਂ ਨੂੰ ਘੇਰ ਲਿਆ। ਇਸ ਦੌਰਾਨ ਸੁਖਦੀਪ ਕਿਸੇ ਤਰ੍ਹਾਂ ਆਪਣੇ ਮੋਟਰਸਾਈਕਲ ‘ਤੇ ਉੱਥੋਂ ਭੱਜਣ ‘ਚ ਕਾਮਯਾਬ ਹੋ ਗਿਆ, ਪਰ ਗੁਰਪ੍ਰੀਤ ਉਨ੍ਹਾਂ ਦੇ ਹੱਥਾਂ ‘ਚ ਆ ਗਿਆ। ਉਨ੍ਹਾਂ ਨੇ ਵੀਰਵਾਰ ਰਾਤ ਉਸਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਬੇਹੋਸ਼ ਛੱਡ ਕੇ ਭੱਜ ਗਏ ਜਿਸਦੀ ਸਿਵਲ ਹਸਪਤਾਲ ਜਗਰਾਓਂ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਸਿਟੀ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਮਨਪ੍ਰੀਤ ਸਿੰਘ ਵਾਸੀ ਪਿੰਡ ਨੱਥੋਕੇ, ਮੋਗਾ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਛੋਟੇ ਭਰਾ ਗੁਰਪ੍ਰੀਤ ਸਿੰਘ ਦੇ ਦੋਸਤ ਸੁਖਦੀਪ ਸਿੰਘ, ਜੋ ਕਿ ਬਾਘਾਪੁਰਾਣਾ ਦਾ ਰਹਿਣ ਵਾਲਾ ਹੈ, ਨੇ ਇੰਸਟਾਗ੍ਰਾਮ ‘ਤੇ ਮੋਗਾ ਜ਼ਿਲ੍ਹੇ ਦੇ ਇਕ ਪਿੰਡ ਦੀ ਵਿਆਹੁਤਾ ਔਰਤ ਨਾਲ ਦੋਸਤੀ ਕੀਤੀ ਸੀ। ਲੜਕੀ ਨੇ ਉਸਨੂੰ 21 ਮਈ ਨੂੰ ਨਾਨਕਸਰ ਕਲੇਰਾਂ ਨੇੜੇ ਜਗਰਾਓਂ ਹਾਈਵੇਅ ਪੁਲ ਨੇੜੇ ਮਿਲਣ ਲਈ ਬੁਲਾਇਆ ਸੀ। ਉਸ ਸਮੇਂ ਸੁਖਪ੍ਰੀਤ ਮੇਰੇ ਭਰਾ ਗੁਰਪ੍ਰੀਤ ਸਿੰਘ ਨੂੰ ਵੀ ਮੋਟਰਸਾਈਕਲ ‘ਤੇ ਨਾਲ ਲੈ ਗਿਆ ਸੀ। ਜਦੋਂ ਉਹ ਕੁੜੀ ਨੂੰ ਮਿਲਣ ਨਾਨਕਸਰ ਕਲੇਰਾਂ ਵਿਖੇ ਹਾਈਵੇਅ ਪੁਲ ‘ਤੇ ਪਹੁੰਚੇ ਤਾਂ ਕੁੜੀ ਦੇ ਪਰਿਵਾਰਕ ਮੈਂਬਰ ਅਤੇ ਹੋਰ ਦੋਸਤ ਹੱਥਾਂ ‘ਚ ਡੰਡੇ ਲੈ ਕੇ ਉੱਥੇ ਖੜ੍ਹੇ ਸਨ। ਜਦੋਂ ਉਨ੍ਹਾਂ ਨੇ ਸੁਖਦੀਪ ਸਿੰਘ ਤੇ ਮੇਰੇ ਭਰਾ ਨੂੰ ਦੇਖਿਆ ਤਾਂ ਕੁੜੀ ਨੇ ਸੁਖਦੀਪ ਸਿੰਘ ਵੱਲ ਇਸ਼ਾਰਾ ਕੀਤਾ ਤੇ ਕਿਹਾ ਕਿ ਇਹ ਉਹੀ ਮੁੰਡਾ ਹੈ ਜੋ ਮੇਰੇ ਨਾਲ ਗੱਲ ਕਰ ਰਿਹਾ ਸੀ। ਜਿਸ ‘ਤੇ ਲੜਕੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਸੁਖਦੇਵ ਸਿੰਘ ਵਾਸੀ ਪਿੰਡ ਆਲਮਵਾਲਾ ਨੇੜੇ ਬਾਘਾਪੁਰਾਣਾ ਜ਼ਿਲ੍ਹਾ ਮੋਗਾ, ਉਸਦੇ ਸਾਲੇ ਸੁਲਤਾਨ ਸਿੰਘ, ਸਾਹਿਲ ਅਤੇ ਉਨ੍ਹਾਂ ਦੇ ਸਾਥੀ ਸਵਰਨਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਵਾਸੀ ਪਿੰਡ ਮਾਣੂੰਕੇ ਜ਼ਿਲ੍ਹਾ ਲੁਧਿਆਣਾ ਅਤੇ 3-4 ਅਣਪਛਾਤੇ ਵਿਅਕਤੀਆਂ ਨੇ ਮਿਲ ਕੇ ਮੇਰੇ ਭਰਾ ਅਤੇ ਉਸਦੇ ਦੋਸਤ ਨੂੰ ਘੇਰ ਲਿਆ। ਇਸ ਦੌਰਾਨ, ਮੇਰੇ ਭਰਾ ਦਾ ਦੋਸਤ ਸੁਖਦੀਪ ਸਿੰਘ ਮੋਟਰਸਾਈਕਲ ‘ਤੇ ਮੌਕੇ ਤੋਂ ਭੱਜ ਗਿਆ। ਉਨ੍ਹਾਂ ਮਿਲ ਕੇ ਮੇਰੇ ਭਰਾ ਗੁਰਪ੍ਰੀਤ ਨੂੰ ਬੇਰਹਿਮੀ ਨਾਲ ਕੁੱਟਿਆ ਤੇ ਬੇਹੋਸ਼ੀ ਦੀ ਹਾਲਤ ‘ਚ ਉੱਥੇ ਸੁੱਟ ਦਿੱਤਾ। ਵੀਰਵਾਰ ਨੂੰ ਉਹ ਸਾਰੀ ਰਾਤ ਸੜਕ ਕਿਨਾਰੇ ਪਿਆ ਰਿਹਾ। ਫਿਰ ਅਗਲੇ ਦਿਨ ਸ਼ੁੱਕਰਵਾਰ ਸਵੇਰੇ ਇਕ ਰਾਹਗੀਰ ਨੇ ਫ਼ੋਨ ਕਰ ਕੇ ਉਸਨੂੰ 108 ਐਂਬੂਲੈਂਸ ‘ਚ ਜਗਰਾਓਂ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ। ਜਦੋਂ ਅਸੀਂ ਸਿਵਲ ਹਸਪਤਾਲ ਪਹੁੰਚੇ ਤਾਂ ਮੇਰੇ ਭਰਾ ਨੇ ਮੈਨੂੰ ਸਾਰੀ ਘਟਨਾ ਬਾਰੇ ਦੱਸਿਆ। ਸ਼ੁੱਕਰਵਾਰ ਸਵੇਰੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਮਨਪ੍ਰੀਤ ਸਿੰਘ ਦੇ ਬਿਆਨ ਦੇ ਆਧਾਰ ‘ਤੇ ਜਸਵਿੰਦਰ ਕੌਰ ਤੇ ਉਸਦੇ ਪਤੀ ਸੁਖਦੇਵ ਸਿੰਘ, ਪਿੰਡ ਆਲਮਵਾਲਾ, ਨੇੜੇ ਬਾਘਾਪੁਰਾਣਾ, ਜ਼ਿਲ੍ਹਾ ਮੋਗਾ, ਉਸਦੇ ਸਾਲੇ ਸੁਲਤਾਨ ਸਿੰਘ ਅਤੇ ਉਸਦੇ ਸਾਥੀਆਂ ਸਵਰਨਜੀਤ ਸਿੰਘ ਅਤੇ ਮਨਪ੍ਰੀਤ ਸਿੰਘ, ਪਿੰਡ ਮਾਣੂੰਕੇ, ਜ਼ਿਲ੍ਹਾ ਲੁਧਿਆਣਾ ਅਤੇ 3-4 ਅਣਪਛਾਤੇ ਵਿਅਕਤੀਆਂ ਵਿਰੁੱਧ ਥਾਣਾ ਸਿਟੀ ਜਗਰਾਉਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਡਾਕਟਰ ‘ਤੇ ਲਾਪਰਵਾਹੀ ਦਾ ਦੋਸ਼
ਮ੍ਰਿਤਕ ਗੁਰਪ੍ਰੀਤ ਸਿੰਘ ਦੇ ਭਰਾ ਮਨਪ੍ਰੀਤ ਸਿੰਘ ਨੇ ਦੋਸ਼ ਲਗਾਇਆ ਕਿ ਜਦੋਂ ਉਸ ਦੇ ਭਰਾ ਗੁਰਪ੍ਰੀਤ ਸਿੰਘ ਨੂੰ ਸਿਵਲ ਹਸਪਤਾਲ ਜਗਰਾਓਂ ਵਿਖੇ ਦਾਖਲ ਕਰਵਾਇਆ ਗਿਆ ਤਾਂ ਉਸ ਦੀਆਂ ਲੱਤਾਂ ਤੇ ਬਾਹਾਂ ‘ਚ ਫਰੈਕਚਰ ਸੀ ਅਤੇ ਸਿਰ ਵਿਚ ਸੱਟ ਲੱਗੀ ਸੀ। ਪਰ ਉਸਨੇ ਸਾਡੇ ਨਾਲ ਗੱਲ ਕੀਤੀ ਤੇ ਸਾਨੂੰ ਸਾਰੀ ਘਟਨਾ ਬਾਰੇ ਦੱਸਿਆ। ਡਿਊਟੀ ‘ਤੇ ਮੌਜੂਦ ਡਾਕਟਰਾਂ ਨੇ ਇਲਾਜ ਦੌਰਾਨ ਉਸਦੀ ਦੇਖਭਾਲ ਨਹੀਂ ਕੀਤੀ। ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਉਸਦਾ ਇਲਾਜ ਇੱਥੇ ਸੰਭਵ ਨਹੀਂ ਸੀ ਤੇ ਹਸਪਤਾਲ ਨੇ ਉਸਨੂੰ ਲੁਧਿਆਣਾ ਰੈਫਰ ਨਹੀਂ ਕੀਤਾ। ਸਹੀ ਇਲਾਜ ਨਾ ਮਿਲਣ ਕਾਰਨ ਉਸਦੀ ਮੌਤ ਹੋ ਗਈ। ਉਨ੍ਹਾਂ ਇਸ ਮਾਮਲੇ ਸਬੰਧੀ ਐਸਐਮਓ ਡਾ. ਹਰਜੀਤ ਸਿੰਘ ਨਾਲ ਵੀ ਗੱਲ ਕੀਤੀ ਹੈ ਅਤੇ ਉਨ੍ਹਾਂ ਨੇ ਇਸ ਸਬੰਧੀ ਲਿਖਤੀ ਸ਼ਿਕਾਇਤ ਮਿਲਣ ਤੋਂ ਬਾਅਦ ਇਸਦੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਹੈ।



