Punjab

ਛੱਤ ਰਾਹੀਂ 6 ਘਰਾਂ ’ਚ ਦਾਖਲ ਹੋਏ ਚੋਰ, ਪਰਿਵਾਰਾਂ ’ਤੇ ਕੀਤਾ ਸਪਰੇਅ

ਲੁਧਿਆਣਾ, 16 ਸਤੰਬਰ : ਲੁਧਿਆਣਾ ਜੋਧੇਵਾਲ ਦੇ ਅਟਲ ਨਗਰ ਇਲਾਕੇ ’ਚ ਚੋਰੀ ਦੀ ਇਕ ਵੱਡੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਚੋਰਾਂ ਨੇ ਇਕ ਕੰਧ ਟੱਪ ਕੇ 6 ਘਰਾਂ ’ਚ ਦਾਖਲ ਹੋ ਕੇ ਹੱਥ ਸਾਫ਼ ਕਰ ਦਿੱਤਾ। ਲੋਕਾਂ ਨੂੰ ਇਸ ਬਾਰੇ ਸਵੇਰੇ ਪਤਾ ਲੱਗਾ, ਜਦੋਂ ਉਨ੍ਹਾਂ ਨੇ ਆਪਣੇ ਘਰਾਂ ਤੋਂ ਚੋਰੀ ਹੋਏ ਸਾਮਾਨ ਤੇ ਕੱਪੜੇ ਪਲਾਟ ’ਚ ਪਏ ਹੋਏ ਦੇਖੇ। ਇਸ ਮਾਮਲੇ ਦੀ ਜਾਣਕਾਰੀ ਮਿਲਣ ’ਤੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਜੋਧੇਵਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਲੋਕਾਂ ਦਾ ਦੋਸ਼ ਹੈ ਕਿ ਪੁਲਿਸ ਉਨ੍ਹਾਂ ਦੀ ਸ਼ਿਕਾਇਤ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕਰ ਰਹੀ ਤੇ ਉਨ੍ਹਾਂ ਨੂੰ ਦੁਬਾਰਾ ਆਉਣ ਲਈ ਕਿਹਾ ਜਾ ਰਿਹਾ ਹੈ। ਹਾਲਾਂਕਿ ਪੁਲਿਸ ਨੇ ਇਨ੍ਹਾਂ ਦੋਸ਼ਾ ਨੂੰ ਬੇਬੁਨਿਆਦ ਦੱਸਿਆ ਹੈ। ਸਾਹੁਲ, ਜੋ ਕਿ ਇਕ ਫੈਕਟਰੀ ’ਚ ਨੌਕਰੀ ਕਰਦਾ ਹੈ, ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਸ਼ਨੀਵਾਰ ਦੀ ਰਾਤ ਆਪਣੇ ਕਮਰੇ ’ਚ ਸੌਂ ਰਿਹਾ ਸੀ। ਸਵੇਰੇ ਕਰੀਬ 5 ਵਜੇ ਜਦੋਂ ਉਹ ਉੱਠਿਆ ਤਾਂ ਗੁਆਂਢੀ ਔਰਤ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਚੋਰੀ ਹੋ ਗਈ ਹੈ, ਜਦੋਂ ਸਾਹੁਲ ਨੇ ਆਪਣੇ ਕਮਰੇ ’ਚ ਜਾ ਕੇ ਦੇਖਿਆ ਤਾਂ ਉੱਥੇ ਉਸ ਦੀ ਟੰਗੀ ਪੈਂਟ, ਬੈਗ ਤੇ ਫੋਨ ਗਾਇਬ ਸੀ। ਉਸ ਦੀ ਪੈਂਟ ਉਸ ਦੇ ਘਰ ਦੇ ਨੇੜੇ ਪਲਾਟ ’ਚ ਮਿਲੀ, ਜਿਸ ’ਚੋਂ ਪੈਸੇ ਤੇ ਕੁਝ ਹੋਰ ਸਾਮਾਨ ਚੋਰੀ ਹੋ ਗਿਆ ਸੀ, ਜਦੋਂ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਕੱਲ੍ਹ ਆਉਣ ਲਈ ਕਿਹਾ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਫੈਕਟਰੀ ਦੇ ਮਜ਼ਦੂਰ ਹਨ, ਹਰ ਰੋਜ਼ ਦਿਹਾੜੀ ਤੋੜ ਕੇ ਨਹੀਂ ਆ ਸਕਦੇ। ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਇਸ ਦੇ ਨਾਲ-ਨਾਲ, ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ’ਚ 2 ਲੋਕ ਦਾਖਲ ਹੋਏ, ਜਿਨ੍ਹਾਂ ਨੇ ਉਨ੍ਹਾਂ ’ਤੇ ਸਪਰੇਅ ਕੀਤਾ, ਜਿਸ ਕਾਰਨ ਉਹ ਬੇਹੋਸ਼ ਹੋ ਗਏ। ਉਨ੍ਹਾਂ ਦੇ ਘਰ ਤੋਂ ਚੋਰ ਦੋ ਮੋਬਾਈਲ ਚੋਰੀ ਕਰ ਲਏ। ਇਸ ਤਰ੍ਹਾਂ, ਉਨ੍ਹਾਂ ਦੇ ਘਰ ਦੇ ਨਾਲ ਲੱਗਦੇ ਹੋਰ 4 ਘਰਾਂ ’ਚ ਵੀ ਚੋਰਾਂ ਨੇ ਪਰਿਵਾਰਾਂ ਤੇ ਸਪਰੇਅ ਕਰ ਕੇ ਮੋਬਾਈਲ ਤੇ ਨਕਦੀ ਚੋਰੀ ਕੀਤੀ। ਕੁੱਲ 6 ਘਰਾਂ ’ਚ ਚੋਰੀਆਂ ਹੋਈਆਂ ਹਨ, ਜਿਨ੍ਹਾਂ ’ਚੋਂ 10 ਮੋਬਾਈਲ ਤੇ 50 ਹਜ਼ਾਰ ਦੀ ਨਕਦੀ ਚੋਰੀ ਕੀਤੀ ਗਈ। ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰੇ ਦੀ ਜਾਂਚ ਕਰਨ ’ਤੇ ਪਤਾ ਲੱਗਾ ਕਿ ਦੋ ਚੋਰ ਆਉਂਦੇ ਹਨ, ਜਿਨ੍ਹਾਂ ਦੇ ਹੱਥ ’ਚ ਇਕ ਬੋਤਲ ਹੈ। ਉਹ ਇਕ ਪਲਾਟ ਦੀ ਕੰਧ ਤੇ ਚੜ੍ਹ ਕੇ ਪਹਿਲਾਂ ਇਕ ਘਰ ’ਚ ਦਾਖਲ ਹੁੰਦੇ ਹਨ ਤੇ ਫਿਰ ਇਕ-ਇਕ ਕਰ ਕੇ ਸਾਰੇ 6 ਘਰਾਂ ’ਚ ਵਾਰਦਾਤ ਕਰ ਕੇ ਵਾਪਸ ਉਸੇ ਰਸਤੇ ਫਰਾਰ ਹੋ ਜਾਂਦੇ ਹਨ। ਜਾਂਚ ਅਧਿਕਾਰੀ ਕੁਲਵਿੰਦਰ ਸਿੰਘ ਅਨੁਸਾਰ ਉਨ੍ਹਾਂ ਨੂੰ ਇਕ ਸ਼ਿਕਾਇਤ ਮਿਲ ਚੁੱਕੀ ਹੈ ਤੇ ਬਾਕੀਆਂ ਦੀ ਉਡੀਕ ਕੀਤੀ ਜਾ ਰਹੀ ਹੈ। ਮੌਕੇ ’ਤੇ ਜਾ ਕੇ ਜਾਂਚ ਕੀਤੀ ਜਾ ਚੁੱਕੀ ਹੈ ਤੇ ਜਲਦੀ ਹੀ ਦੋਸ਼ੀਆਂ ਦੀ ਲੋਕੇਸ਼ਨ ਨੂੰ ਟ੍ਰੈਕ ਕੀਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button