
ਲੁਧਿਆਣਾ, 21 ਜੁਲਾਈ : ਲੁਧਿਆਣਾ ਦੇ ਸ਼ਾਮ ਨਗਰ ਇਲਾਕੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕੁਝ ਵਿਅਕਤੀਆਂ ਨੇ ਇੱਕ ਨੌਜਵਾਨ ਦੀ ਛਾਤੀ ਵਿੱਚ ਗੋਲੀ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਲੜਕੇ ਦੇ ਦੋਸਤਾਂ ਨੇ ਜਦ ਉਸ ਨੂੰ ਸੜਕ ਤੇ ਲਹੂ ਲੁਹਾਣ ਦੇਖਿਆ ਤਾਂ ਲੜਕੇ ਉਸਨੂੰ ਹਸਪਤਾਲ ਲੈ ਗਏ। ਜਾਂਚ ਦੇ ਦੌਰਾਨ ਡਾਕਟਰਾਂ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ । ਮ੍ਰਿਤਕ ਦੀ ਪਛਾਣ ਹੈਬੋਵਾਲ ਕਲਾਂ ਦੇ ਵਾਸੀ ਰੋਹਿਤ 26 ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਮਾਮਲੇ ਦੀ ਡੁੰਗਾਈ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੇਰ ਰਾਤ ਨੂੰ ਲਹੂ ਲੁਹਾਨ ਹਾਲਤ ਵਿੱਚ ਰੋਹਿਤ ਸੜਕ ਤੇ ਡਿੱਗਿਆ ਹੋਇਆ ਸੀ। ਲਾਗੇ ਹੀ ਉਸਦਾ ਸਕੂਟਰ ਵੀ ਪਿਆ ਸੀ। ਇਸੇ ਦੌਰਾਨ ਰੋਹਿਤ ਦੇ ਕੁਝ ਦੋਸਤ ਉਸਨੂੰ ਸਿਵਲ ਹਸਪਤਾਲ ਲੈ ਗਏ। ਸੂਤਰਾਂ ਦਾ ਕਹਿਣਾ ਹੈ ਦੋਸਤਾਂ ਨੇ ਉਥੇ ਹੀ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਕੁਝ ਦੇਰ ਬਾਅਦ ਵਾਪਸ ਆ ਕੇ ਡਾਕਟਰਾਂ ਨੂੰ ਆਪਣੇ ਦੋਸਤ ਦੀ ਪਛਾਣ ਦੱਸੀ। ਹਸਪਤਾਲ ਪ੍ਰਸ਼ਾਸਨ ਵੱਲੋਂ ਤੁਰੰਤ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਰੋਹਿਤ ਦੇ ਦੋਸਤ ਰੋਹਨ ਨੇ ਦੱਸਿਆ ਕਿ ਉਹ ਕਚਿਹਰੀ ‘ਚ ਕੰਮ ਕਰਦਾ ਹੈ। ਅਕਸਰ ਰਾਤ ਨੂੰ ਉਹ ਆਪਣੇ ਦੋਸਤਾਂ ਨਾਲ ਘੁੰਮਣ ਨਿਕਲ ਜਾਂਦਾ ਹੈ। ਦੇਰ ਰਾਤ ਕਿਸੇ ਕੰਮ ਲਈ ਜਦ ਹੋ ਸ਼ਾਮ ਨਗਰ ਇਲਾਕੇ ਚੋਂ ਗੁਜ਼ਰਿਆ ਤਾਂ ਉਸਨੇ ਖੂਨ ਨਾਲ ਲੱਥ ਪੱਥ ਰੋਹਿਤ ਨੂੰ ਸੜਕ ਦੇ ਕੰਡੇ ਤੇ ਪਏ ਦੇਖਿਆ। ਉਹ ਆਪਣੇ ਹੋਰ ਦੋਸਤ ਦੀ ਮਦਦ ਨਾਲ ਰੋਹਿਤ ਨੂੰ ਐਕਟੀਵਾ ਸਕੂਟਰ ਤੇ ਬਿਠਾ ਕੇ ਹਸਪਤਾਲ ਲੈ ਗਿਆ। ਰੋਹਨ ਨੇ ਰੋਹਿਤ ਨੂੰ ਕਈ ਵਾਰ ਹਿਲਾਉਣ ਦੀ ਕੋਸ਼ਿਸ਼ ਕੀਤੀ ਅਤੇ ਪੁੱਛਿਆ ਕਿ ਉਸ ਨੂੰ ਗੋਲੀ ਕਿਸ ਨੇ ਮਾਰੀ ਹੈ ਪਰ ਰੋਹਿਤ ਬੇਸੁੱਧ ਹੀ ਰਿਹਾ। ਉਧਰੋਂ ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਕੇਸ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਸਵੇਰੇ ਪੁਲਿਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।



