ਚੰਡੀਗੜ੍ਹ ਪ੍ਰਸ਼ਾਸਨ ਨੇ ਕੈਦੀਆਂ ਦੀ ਜ਼ਿੰਦਗੀ ਬਦਲਣ ਲਈ ਚੁੱਕਿਆ ਅਹਿਮ ਕਦਮ
ਹੁਣ ਬੁੜੈਲ ਜੇਲ੍ਹ ’ਚ IIT ਕਰ ਕੇ ਭਵਿੱਖ ਸੰਵਾਰਨਗੇ ਕੈਦੀ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 23 ਅਗਸਤ : ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬੁੜੈਲ ਜੇਲ੍ਹ ’ਚ ਕੈਦੀਆਂ ਦੀ ਜ਼ਿੰਦਗੀ ਬਦਲਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਹੁਣ ਕੈਦੀਆਂ ਨੂੰ ਸਜ਼ਾ ਕੱਟਣ ਦੀ ਬਜਾਏ ਆਪਣੇ ਭਵਿੱਖ ਨੂੰ ਸੰਵਾਰਨ ਦਾ ਮੌਕਾ ਵੀ ਮਿਲੇਗਾ। ਇਸੇ ਤਹਿਤ ਜੇਲ੍ਹ ’ਚ ਆਈਟੀਆਈ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ ਤਾਂ ਜੋ ਕੈਦੀਆਂ ਨੂੰ ਹੁਨਰ ਦੀ ਸਿੱਖਿਆ ਦੇ ਕੇ ਰਿਹਾਈ ਤੋਂ ਬਾਅਦ ਉਹ ਖੁਦਮੁਖਤਿਆਰ ਜੀਵਨ ਜੀ ਸਕਣ।
ਕਾਰਪੇਂਟਰ ਕੋਰਸ ਨਾਲ ਸ਼ੁਰੂਆਤ
ਰਾਜਪਾਲ ਕਰਨਗੇ ਕੋਰਸਾਂ ਦੀ ਸ਼ੁਰੂਆਤ
ਚੰਡੀਗੜ੍ਹ ਪ੍ਰਸ਼ਾਸਨ ਨੇ ਜਾਣਕਾਰੀ ਦਿੱਤੀ ਕਿ ਇਨ੍ਹਾਂ ਆਈਟੀਆਈ ਕੋਰਸਾਂ ਦੀਆਂ ਕਲਾਸਾਂ ਛੇਤੀ ਹੀ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਅਧਿਕਾਰਕ ਤੌਰ ’ਤੇ ਸ਼ੁਰੂ ਕੀਤੀਆਂ ਜਾਣਗੀਆਂ। ਇਸ ਮੌਕੇ ਰਾਜਪਾਲ ਕੈਦੀਆਂ ਨੂੰ ਸਿੱਖਿਆ ਤੇ ਸਵੈਰੁਜ਼ਗਾਰ ਵੱਲ ਪ੍ਰੇਰਿਤ ਕਰਨ ਲਈ ਖ਼ਾਸ ਸੰਦੇਸ਼ ਵੀ ਦੇਣਗੇ।
50 ਕੈਦੀਆਂ ਨੇ ਲਿਆ ਦਾਖ਼ਲਾ
ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਇਸ ਵੇਲੇ 50 ਕੈਦੀਆਂ ਨੇ ਦਾਖ਼ਲਾ ਕਰਵਾ ਲਿਆ ਹੈ। ਉਮੀਦ ਹੈ ਕਿ ਜਿਵੇਂ-ਜਿਵੇਂ ਕੋਰਸਾਂ ਦੀ ਗਿਣਤੀ ਵਧੇਗੀ, ਹੋਰ ਕੈਦੀ ਵੀ ਇਸ ਲਈ ਉਤਸ਼ਾਹਿਤ ਹੋਣਗੇ। ਇਸ ਨਾਲ ਨਾ ਸਿਰਫ਼ ਕੈਦੀਆਂ ਦੀ ਸੋਚ ’ਚ ਬਦਲਾਅ ਆਵੇਗਾ, ਸਗੋਂ ਰਿਹਾਈ ਤੋਂ ਬਾਅਦ ਉਹ ਆਪਣੀ ਜ਼ਿੰਦਗੀ ਦਾ ਨਵਾਂ ਅਧਿਆਇ ਸ਼ੁਰੂ ਕਰਨ ਵਿੱਚ ਸਮਰੱਥ ਹੋਣਗੇ।
ਸੁਧਾਰ ਘਰ ਤੋਂ ਸੁਨਹਿਰੇ ਭਵਿੱਖ ਵੱਲ
ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਯਤਨ ਕੈਦੀਆਂ ਲਈ ਸੁਧਾਰ ਘਰ ਨੂੰ ਅਸਲੀ ਮਾਅਨਿਆਂ ’ਚ ਸੁਧਾਰ ਕੇਂਦਰ ਬਣਾਉਣ ’ਚ ਸਹਾਇਕ ਹੋਣਗੇ। ਰਿਹਾਈ ਤੋਂ ਬਾਅਦ ਹੁਨਰ ਦੀ ਬਦੌਲਤ ਉਹ ਆਪਣੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦੇ ਸਕਣਗੇ ਤੇ ਸਮਾਜ ’ਚ ਸਤਿਕਾਰ ਨਾਲ ਜੀਵਨ ਬਿਤਾ ਸਕਣਗੇ।



