Punjab

ਚੋਰਾਂ 2 ਧਾਰਮਿਕ ਅਸਥਾਨਾ ਨੂੰ ਬਣਾਇਆ ਨਿਸ਼ਾਨਾ, ਕੀਤੀ ਚੋਰੀ

ਨਿਹਾਲ ਸਿੰਘ ਵਾਲਾ, 8 ਮਈ : ਪੁਲਿਸ ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਭਾਗੀਕੇ ਵਿਖੇ ਬੀਤੀ ਰਾਤ ਚੋਰਾਂ ਨੇ 2 ਧਾਰਮਿਕ ਅਸਥਾਨਾਂ ਨੂੰ ਨਿਸਾਨਾਂ ਬਣਾਉਂਦਿਆਂ, ਜਿੱਥੇ ਕੀਮਤੀ ਸਮਾਨ ਚੋਰੀ ਕੀਤਾ ਹੈ ਉੱਥੇ ਹੀ ਗੋਲਕ ਨੂੰ ਭੰਨ ਕੇ ਨਗਦੀ ਚੋਰੀ ਕਰ ਲਈ ਅਤੇ ਗੋਲਕ ਨੂੰ ਬਾਹਰ ਸੁੱਟ ਦਿੱਤਾ। ਮੌਕੇ ‘ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਭਾਗੀਕੇ ਦੇ ਗੁਰਦੁਆਰਾ ਭਾਗਸਰ ਸਾਹਿਬ ਬਾਹਰਲਾ ਵਿਖੇ ਚੋਰਾਂ ਨੇ ਦੇਰ ਰਾਤ ਗੋਲਕ ਵਿਚੋਂ ਨਗਦੀ ਚੋਰੀ ਕਰ ਲਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਭਾਗਸਰ ਸਾਹਿਬ ਬਾਹਰਲਾ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਅਤੇ ਮੌਜੂਦਾ ਸਰਪੰਚ ਸੁਖਦੀਪ ਸਿੰਘ ਸਾਧ ਨੇ ਦੱਸਿਆ ਕਿ ਚੋਰਾਂ ਵੱਲੋਂ ਗੁਰੂ ਘਰ ਵਿਚ ਦਾਖਲ ਹੋ ਕਿ ਦਰਬਾਰ ਸਾਹਿਬ ਵਿਚ ਪਈ ਗੋਲਕ ਵਿਚੋਂ ਹਜ਼ਾਰਾਂ ਦੀ ਨਗਦੀ ਚੋਰੀ ਲਈ। ਉਨ੍ਹਾਂ ਕਿਹਾ ਕਿ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।ਪ੍ਰਬੰਧਕਾਂ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਸਬੰਧਤ ਪੁਲਿਸ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਸੂਚਿਤ ਕਰ ਦਿੱਤਾ ਹੈ। ਇਸੇ ਤਰ੍ਹਾਂ ਦੀ ਇਕ ਹੋਰ ਘਟਨਾ ਬਰਨਾਲ ਰੋਡ ਨਜ਼ਦੀਕ ਭਾਗੀਕੇ ਵਿਖੇ ਵਾਪਰੀ ਜਿੱਥੇ ਚੋਰਾਂ ਨੇ ਇਕ ਚਰਚ ਨੂੰ ਨਿਸ਼ਾਨਾ ਬਣਾਉਂਦਿਆਂ ਉੱਥੇ ਲੱਗੇ ਬਿਜਲੀ ਵਾਲੇ ਪੱਖੇ ਉਤਾਰ ਲਏ। ਇਸ ਚੋਰੀ ਦੀ ਘਟਨਾ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਸਬ ਇੰਸਪੈਕਟਰ ਕੇਵਲ ਸਿੰਘ ਨੇ ਦੱਸਿਆ ਕਿ ਪਿੰਡ ਭਾਗੀਕੇ ਦੇ ਭਾਗਸਰ ਗੁਰਦੁਆਰਾ ਸਾਹਿਬ ਬਹਾਰਲਾ ਅਤੇ ਇਸ ਪਿੰਡ ਦੇ ਨਜ਼ਦੀਕ ਬਣੀ ਚਰਚ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਹੈ, ਜਿੱਥੇ ਕੀਮਤੀ ਸਮਾਨ ਅਤੇ ਨਗਦੀ ਚੋਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਤਾਂ ਜੋ ਚੋਰਾਂ ਦੀ ਪੈੜ ਨੱਪੀ ਜਾ ਸਕੇ। ਜਾਂਚ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਜਿੱਠਿਆ ਜਾ ਰਿਹਾ ਹੈ ਅਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਪੁਲਿਸ ਕਾਬੂ ਕਰਕੇ ਸਖ਼ਤ ਸਜਾ ਦਵਾਵੇਗੀ।

Related Articles

Leave a Reply

Your email address will not be published. Required fields are marked *

Back to top button