
ਮੋਰਿੰਡਾ, 12 ਜੁਲਾਈ : ਮੋਰਿੰਡਾ ਸ਼ਹਿਰ ਦੇ ਵਾਰਡ ਨੰਬਰ 14 ਵਿਖੇ ਸ਼ੁੱਕਰਵਾਰ ਦੀ ਰਾਤ ਨੂੰ ਚੋਰਾਂ ਨੇ ਇੱਕ ਘਰ ਅੰਦਰ ਦਾਖਲ ਹੋ ਕੇ ਲੱਖਾਂ ਰੁਪਏ ਦਾ ਸੋਨਾ , ਨਗਦੀ ਤੇ ਇੱਕ ਸਕੂਟਰੀ ਚੋਰੀ ਕਰਨ ਸਬੰਧੀ ਜਾਣਕਾਰੀ ਹਾਸਿਲ ਹੋਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਰਜਿੰਦਰ ਸਿੰਘ ਪੁੱਤਰ ਸਵ: ਜਗਜੀਤ ਸਿੰਘ ਨੇ ਦੱਸਿਆ ਕਿ ਉਹ ਦੁਰਗਾ ਹਾਰਡਵੇਅਰ ਤੇ ਮਿਸਤਰੀ ਵਜੋਂ ਕੰਮ ਕਰਦੇ ਹਨ, ਉਹ ਘਰ ਵਿੱਚ ਇਕੱਲੇ ਰਹਿਦੇ ਹਨ ਤੇ ਉਨ੍ਹਾਂ ਦੀ ਪਤਨੀ ਅਪਣੇ ਬੱਚਿਆਂ ਨੂੰ ਮਿਲਣ ਲਈ ਕੈਨੇਡਾ ਗਈ ਹੋਈ ਹੈ ।ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਨੂੰ ਉਹ ਗੁਰਦੁਆਰਾ ਕੋਤਵਾਲੀ ਸਾਹਿਬ ਨਤਮਸਤਕ ਹੋ ਕੇ ਘਰ ਦੇ ਇੱਕ ਕਮਰੇ ਵਿਚ ਸੋ ਗਏ, ਜਦੋਂ ਉਹ ਰਾਤ 12 ਵਜੇ ਦੇ ਕਰੀਬ ਉਠੇ ਤਾਂ ਵੇਖਿਆ ਕਿ ਦੁਸਰੇ ਕਮਰੇ ਦਾ ਦਰਵਾਜ਼ਾ ਖੁਲਾ ਪਿਆ ਸੀ ਤੇ ਚੋਰ ਅੰਦਰ ਪਈ ਅਲਮਾਰੀ ਦਾ ਤਾਲਾ ਤੋੜ ਕੇ ਵਿੱਚੋਂ ਤਿੰਨ ਤੋਲੇ ਸੋਨੇ ਦੇ ਗਹਿਣੇ ਚਾਂਦੀ ਦੇ ਸਿੱਕੇ ਤੇ ਇੱਕ ਐਕਟਿਵਾ ਸਕੂਟਰੀ ਸਮੇਤ ਕੁਝ ਨਗਦੀ ਚੋਰੀ ਕਰਕੇ ਲੈ ਗਏ। ਰਾਜਿੰਦਰ ਸਿੰਘ ਨੇ ਦੱਸਿਆ ਕਿ ਚੋਰ ਘਰ ਦੇ ਮੇਨ ਗੇਟ ਦੇ ਉਪਰੋ ਟੱਪ ਕੇ ਘਰ ਅੰਦਰ ਦਾਖਲ ਹੋਏ ਅਤੇ ਉਨ੍ਹਾਂ ਨੇ ਪਹਿਲਾਂ ਸਾਰੇ ਕਮਰਿਆਂ ਦੇ ਅੰਦਰੋ ਦਰਵਾਜ਼ੇ ਬੰਦ ਕਰਕੇ ਚੋਰੀ ਨੂੰ ਅੰਜਾਮ ਦਿੱਤਾ। ਚੋਰੀ ਦੀ ਸੂਚਨਾ ਮਿਲਦੇ ਹੀ ਏਐਸਆਈ ਸ਼ਾਮ ਲਾਲ ਸਿਟੀ ਥਾਣਾ ਮੋਰਿੰਡਾ ਨੇ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਤੇ ਆਸ ਪਾਸ ਦੇ ਘਰਾਂ ਵਿਚ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਰਾਹੀਂ ਛਾਣਬੀਣ ਕਰਨੀ ਸ਼ੁਰੂ ਕਰ ਦਿੱਤੀ । ਇਸ ਮੌਕੇ ਸੋਨੂੰ ਖੁਲਰ, ਹਰਪਾਲ ਸਿੰਘ, ਜਗਦੀਸ਼ ਸਿੰਘ ਮਾਵੀ, ਰਿੰਕੂ ਰੀਹਲ, ਸੁਖਵਿੰਦਰ ਸਿੰਘ, ਦਿਪੂ ਬਾਬੂ, ਕੁਲਦੀਪ ਸਿੰਘ ਤੇ ਉਪਿੰਦਰ ਸਿੰਘ ਧੀਮਾਨ ਨੇ ਕਿਹਾ ਕਿ ਸ਼ਹਿਰ ਅੰਦਰ ਦਿਨ ਪ੍ਰਤੀ ਦਿਨ ਵੱਧ ਰਹੀਆਂ ਚੋਰੀਆਂ ਚਿੰਤਾ ਦਾ ਵਿਸ਼ਾ ਹੈ । ਪੁਲਿਸ ਪ੍ਰਸਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ । ਉਨਾਂ ਦੱਸਿਆ ਕਿ ਥੋੜ੍ਹੇ ਦਿਨ ਪਹਿਲਾਂ ਚੋਰਾਂ ਨੇ ਇਕ ਮਹਿਲਾ ਦੇ ਗਲੇ ਵਿਚੋਂ ਸੋਨੇ ਦੀ ਚੈਨੀ ਝਪਟ ਮਾਰ ਕੀਤੀ ਤੇ ਕਈ ਘਰਾਂ ਨੂੰ ਨਿਸ਼ਾਨਾ ਵੀ ਬਣਾਇਆ, ਇਸ ਤੋਂ ਇਹ ਸਾਫ਼ ਜ਼ਾਹਿਰ ਹੁੰਦਾ ਹੈ ਕਿ ਲੋਕਾਂ ਦਾ ਅਪਣੇ ਘਰਾਂ ਵਿਚ ਸੁਰੱਖਿਅਤ ਰਹਿਣਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਜ਼ਿਲਾ ਪੁਲਿਸ ਪ੍ਰਸਾਸ਼ਨ ਤੋਂ ਜ਼ੋਰਦਾਰ ਮੰਗ ਕੀਤੀ ਸ਼ਹਿਰ ਅੰਦਰ ਵੱਧ ਰਹੀਆਂ ਚੋਰੀਆਂ ਨੂੰ ਠੱਲ੍ਹ ਪਾਉਣ ਲਈ ਪੀਸੀਆਰ ਗਸਤ ਵਧਾਈ ਜਾਵੇ ਤਾਂ ਜੋ ਸ਼ਹਿਰ ਵਾਸੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ।



