ਚੋਰਾਂ ਦੇ ਹੌਂਸਲੇ ਹੋਏ ਬੁਲੰਦ, ਸੰਘਣੀ ਅਬਾਦੀ ਦੇ ਖੇਤਰ ’ਚ ਦਿਨ–ਦਿਹਾੜੇ ਚੋਰੀ ਦੀ ਘਟਨਾ ਨੂੰ ਦਿੱਤਾ ਅੰਜਾਮ
2 ਤੋਲੇ ਸੋਨਾ ਤੇ 15 ਹਜ਼ਾਰ ਰੁਪਏ ਨਗਦੀ ਚੋਰੀ

ਫ਼ਿਰੋਜ਼ਪੁਰ, 30 ਮਾਰਚ (ਬਾਲ ਕਿਸ਼ਨ)– ਫ਼ਿਰੋਜ਼ਪੁਰ ਸ਼ਹਿਰ ਅਬਾਦੀ ਦੇ ਖੇਤਰ ’ਚੋਂ ਦਿਨ–ਦਿਹਾੜੇ ਬੰਦ ਪਏ ਇਕ ਘਰ ਵਿਚੋਂ ਚੋਰਾਂ ਵੱਲੋਂ 2 ਤੋਲੇ ਸੋਨਾ ਅਤੇ 15 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰ ਲਏ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਵਿਨੋਦ ਕੁਮਾਰ ਅਤੇ ਰੇਖਾ ਵਾਸੀ ਆਰ.ਐੱਸ.ਡੀ. ਕਾਲਜ ਨਜ਼ਦੀਕ ਗਲੀ ਨੰ: 1 ਫ਼ਿਰੋਜ਼ਪੁਰ ਸ਼ਹਿਰ ਨੇ ਦੱਸਿਆ ਕਿ ਉਹ ਸਵੇਰ 6 ਵਜੇ ਘਰ ਨੂੰ ਤਾਲਾ ਲਗਾ ਕੇ ਬਿਆਸ ਚੱਲੇ ਗਏ ਸਨ, ਜਦ ਉਹ ਸ਼ਾਮ ਵੇਲੇ ਵਾਪਸ ਆਏ ਤਾਂ ਘਰ ਦਾ ਤਾਲਾ ਖੋਲ ਕੇ ਵੇਖਿਆ ਤਾਂ ਪਤਾ ਚੱਲਿਆ ਕਿ ਨਾਲ ਦੇ ਕਮਰੇ ਦਾ ਬੂਹਾ ਟੁੱਟਿਆ ਪਿਆ ਸੀ ਤੇ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ, ਜਦ ਅਸੀਂ ਆਪਣੇ ਘਰ ਵਿਚ ਪਿਆ ਕੀਮਤੀ ਸਮਾਨ ਵੇਖਿਆ ਤਾਂ ਪਤਾ ਚੱਲਿਆ ਕਿ ਚੋਰ ਘਰ ਵਿਚੋਂ 2 ਤੋਲੇ ਸੋਨਾ ਅਤੇ 15 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਕੇ ਲੈ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਗ਼ਰੀਬ ਘਰ ਤੋਂ ਹਾਂ ਆਟੋ ਰਿਕਸਾ ਚਲਾ ਕੇ ਆਪਣੇ ਘਰ ਦਾ ਗੁਜਾਰਾ ਕਰਦੇ ਹਾਂ, ਪੁਲਿਸ ਸਾਨੂੰ ਇਨਸਾਫ਼ ਦਿਵਾਏ ਤੇ ਚੋਰ ਨੂੰ ਫੜ ਸਾਡਾ ਚੋਰੀ ਹੋਇਆ ਸੋੋਨਾ ਤੇ ਪੈਸੇ ਵਾਪਸ ਕਰਵਾਏ। ਚੋਰੀ ਦੀ ਘਟਨਾ ਦੀ ਜਾਂਚ ਕਰਨ ਆਏ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਗਲੀ ਵਿਚ ਲੱਗੇ ਕੈਮਰੇ ਚੈੱਕ ਕਰ ਰਹੇ ਹਾਂ ਕੋਈ ਵੀ ਸੁਰਾਗ ਹੱਥ ਲੱਗਦਾ ਹੈ ਤਾਂ ਚੋਰ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।



