ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਕੋਲ 34 ਮੈਂਬਰੀ ਕਮੇਟੀ ਬਣਾਉਣ ਦਾ ਕੋਈ ਅਧਿਕਾਰ ਨਹੀਂ : ਸਿਮਰਨਜੀਤ ਸਿੰਘ ਮਾਨ

ਅੰਮ੍ਰਿਤਸਰ, 28 ਜੂਨ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਾਲ ਹੀ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਦੇ ਸੇਵਾ ਨਿਯਮ ਤੈਅ ਕਰਨ ਲਈ ਬਣਾਈ ਗਈ 34 ਮੈਂਬਰੀ ਕਮੇਟੀ ‘ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਮਾਨ ਨੇ ਕਿਹਾ ਹੈ ਕਿ ਜਿਸ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਪਿਛਲੇ 14 ਸਾਲਾਂ ਤੋਂ ਰੁਕੀਆਂ ਹੋਈਆਂ ਹੋਣ, ਜਿਸ ਦੀ ਮੈਨੇਜਮੈਂਟ ਸਿਰਫ ਚੁਣੇ ਹੋਏ ਨੁਮਾਇੰਦਿਆਂ ਦੁਆਰਾ ਹੀ ਸੰਵਿਧਾਨਕ ਤੌਰ ‘ਤੇ ਮੰਨਣਯੋਗ ਹੋ ਸਕੇ, ਉਹ ਸ਼੍ਰੋਮਣੀ ਕਮੇਟੀ ਦੇ ਪ੍ਰੰਬਧਕ ਕਿਸ ਅਧਿਕਾਰ ਅਧੀਨ ਇਕ ਅਜਿਹੀ ਕਮੇਟੀ ਦਾ ਗਠਨ ਕਰ ਰਹੇ ਹਨ? ਉਨ੍ਹਾਂ ਕਿਹਾ ਕਿ ਇਹ ਕਮੇਟੀ ਮਨੁੱਖੀ ਅਧਿਕਾਰਾਂ, ਸਿਧਾਂਤਕ ਮਰਿਆਦਾ ਅਤੇ ਸਿੱਖ ਇਤਿਹਾਸ ਤੇ ਜਮਹੂਰੀਅਤ ਦੀ ਉਲੰਘਣਾ ਹੈ। ਇਹ ਸਿੱਖ ਕੌਮ ਦੇ ਨੈਤਿਕ ਅਧਿਕਾਰਾਂ ਨੂੰ ਦਬਾਉਣ ਦੀ ਕੋਸ਼ਿਸ਼ ਹੈ। ਮਾਨ ਨੇ ਸਿੱਧਾ ਇਲਜ਼ਾਮ ਲਾਇਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਗਠਿਤ ਕੀਤੀ ਕਮੇਟੀ ’ਚ ਸ਼ਾਮਲ ਉਹੀ ਲੋਕ ਹਨ, ਜੋ 6 ਜੂਨ ਨੂੰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸੰਦੇਸ਼ ਰੋਕਣ ਦੀ ਕੋਸ਼ਿਸ਼ ’ਚ ਲੱਗੇ ਹੋਏ ਸਨ। ਕਮੇਟੀ ’ਚ ਉਹ ਲੋਕ ਹਨ, ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਹੋਂਦ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ, ਸ੍ਰੀ ਅਕਾਲ ਤਖਤ ਸਾਹਿਬ ਦੀ ਖਿਲਾਫਤ ਕੀਤੀ ਤੇ ਸੰਦੇਸ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਨਵੇਂ ਪ੍ਰਬੰਧਕ ਮੈਂਬਰ ਚੁਣੇ ਜਾਣ, ਫਿਰ ਹੀ ਕਿਸੇ ਵੀ ਤਰ੍ਹਾਂ ਦੀ ਕਮੇਟੀ ਦੀ ਗਠਨ ਸੰਵਿਧਾਨਕ ਤੌਰ ‘ਤੇ ਮੰਨਣਯੋਗ ਹੋਵੇਗਾ।



