
ਬਠਿੰਡਾ, 8 ਅਗਸਤ : ਬੇਸ਼ੱਕ ਸੂਬਾ ਸਰਕਾਰ ਚਿੱਟੇ ਨੂੰ ਖ਼ਤਮ ਕਰਨ ਦੇ ਵੱਡੇ–ਵੱਡੇ ਦਾਅਵੇ ਕਰ ਰਹੀ ਹੈ ਪ੍ਰੰਤੂ ਚਿੱਟਾ ਪਿੰਡਾਂ ’ਚ ਪਹਿਲਾ ਦੀ ਤਰ੍ਹਾਂ ਸ਼ਰ੍ਹੇਆਮ ਵਿਕ ਰਿਹਾ ਹੈ ਤੇ ਇਸ ਨਾਲ ਲਗਾਤਾਰ ਮਾਵਾਂ ਦੇ ਪੁੱਤ ਸਿਵਿਆ ਦੀ ਸੁਆਹ ਬਣ ਰਹੇ ਹਨ। ਇਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹੇ ਦੇ ਪਿੰਡ ਰਾਏਕੇ ਕਲਾਂ ਵਿਖੇ ਜਿੱਥੇ ਦੋ ਵਿਅਕਤੀਆਂ ਦੀ ਚਿੱਟੇ ਕਾਰਨ ਮੌਤ ਹੋਈ ਦੱਸੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੇ ਬਗੈਰ ਹੀ ਦੋਹਾਂ ਦਾ ਸੰਸਕਾਰ ਕਰ ਦਿੱਤਾ ਗਿਆ। ਚਿੱਟੇ ਕਾਰਨ ਆਏ ਦਿਨ ਹੁੰਦੀਆਂ ਮੌਤਾਂ ਕਾਰਨ ਪਿੰਡ ਵਾਸੀ ਸਹਿਮੇ ਹੋਏ ਹਨ। ਕਾਂਗਰਸ ਪੰਜਾਬ ਦੇ ਡੈਲੀਗੇਟ ਮੈਂਬਰ ਹੈਪੀ ਸਿੱਧੂ ਵਾਸੀ ਰਾਏ ਕੇ ਕਲਾਂ ਨੇ ਦੱਸਿਆ ਕਿ ਨਸ਼ਾ ਕੇਵਲ ਕਾਂਗਜ਼ਾ ’ਚ ਹੀ ਬੰਦ ਹੋਇਆ ਹੈ। ਉਨ੍ਹਾਂ ਦੇ ਪਿੰਡ ’ਚ ਚਿੱਟਾ ਸ਼ਰ੍ਹੇਆਮ ਵਿਕ ਰਿਹਾ ਹੈ। ਸੂਬਾ ਸਰਕਾਰ ਵੱਲੋਂ ਜੋ ਨਸ਼ੇ ਨੂੰ ਖ਼ਤਮ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਹ ਖੋਖਲਾ ਸਾਬਤ ਹੋ ਰਿਹਾ ਹੈ, ਸਗੋਂ ਚਿੱਟਾ ਪਿੰਡਾਂ ’ਚ ਪਹਿਲਾਂ ਨਾਲੋ ਵੀ ਜਿਆਦਾ ਹੋ ਗਿਆ ਹੈ। ਅੱਜ ਫਿਰ ਉਨ੍ਹਾਂ ਦੇ ਪਿੰਡ ਦੋ ਵਿਅਕਤੀਆਂ ਦੀ ਨਸ਼ੇ ਕਾਰਨ ਮੌਤ ਹੋ ਗਈ, ਜਿਸ ’ਚ ਇਕ ਨੌਜਵਾਨ ਹਾਲੇ ਵਿਆਹਿਆ ਹੋਇਆ ਨਹੀਂ ਸੀ। ਇਸ ਸਬੰਧੀ ਪਿੰਡ ਦੇ ਸਰਪੰਚ ਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਚਰਨਜੀਤ ਸਿੰਘ ਸਿੱਧੂ ਨੇ ਮੰਨਿਆ ਕਿ ਉਨ੍ਹਾਂ ਦੇ ਪਿੰਡ ਦੋ ਵਿਅਕਤੀਆਂ ਦੀ ਨਸ਼ੇ ਕਾਰਨ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਪਿੰਡ ’ਚ ਨਸ਼ਾ ਕਰਦੇ ਉਹ ਪਹਿਲਾਂ ਤੋਂ ਹੀ ਚੱਲੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ੇ ਬੰਦ ਕਰਨ ’ਚ ਪੁਲਿਸ ਪ੍ਰਸਾਸ਼ਨ ਕੋਈ ਕਾਰਵਾਈ ਨਹੀਂ ਕਰ ਰਿਹਾ, ਇਕੱਲੀ ਪੰਚਾਇਤ ਕਿਵੇ ਨਸ਼ਾ ਬੰਦ ਕਰੇ। ਉਨ੍ਹਾਂ ਦੱਸਿਆ ਕਿ ਪਿਛਲੇ ਪੰਜ ਮਹੀਨਿਆਂ ’ਚ ਨਸ਼ੇ ਕਾਰਨ 25 ਦੇ ਕਰੀਬ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।



