
ਲਾਲੜੂ, 12 ਜੂਨ : ਹੰਡੇਸਰਾ ਟ੍ਰੈਫਿਕ ਪੁਲਿਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਟਿੱਪਰ ਚਾਲਕਾਂ ਵਿਰੁੱਧ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਟ੍ਰੈਫਿਕ ਪੁਲਿਸ ਨੇ ਟਿੱਪਰ ਚਾਲਕਾਂ ਨੂੰ ਲੋਡ ਟਿੱਪਰਾਂ ਉੱਤੇ ਤਰਪਾਲ ਪਾ ਕੇ ਚੱਲਣ ਦੀ ਹਦਾਇਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੰਡੇਸਰਾ ਟੈਫਿਕ ਇੰਚਾਰਜ ਏਐਸਆਈ ਦਲੀਪ ਸਿੰਘ ਨੇ ਦੱਸਿਆ ਕਿ ਐਸਐਸਪੀ ਮੋਹਾਲੀ ਹਰਮਨ ਹੰਸ, ਐਸਪੀ ਟ੍ਰੈਫਿਕ ਐਨਪੀ ਮਾਹਲ, ਡੀਐਸਪੀ ਟ੍ਰੈਫਿਕ ਮੋਹਾਲੀ ਕਰਨੈਲ ਸਿੰਘ ਅਤੇ ਡੀਐਸਪੀ ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹੰਡੇਸਰਾ ਵਿੱਚ ਕਈ ਡਰਾਈਵਰਾਂ ਦੇ ਬਿਨਾਂ ਪਾਰਕਿੰਗ, ਬਿਨਾਂ ਹੈਲਮੇਟ, ਗਲਤ ਸਾਈਡ, ਓਵਰ ਸਪੀਡ ਟਿੱਪਰ ਆਦਿ ਦੇ ਚਲਾਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿਹੜੇ ਟਿੱਪਰ ਮਿੱਟੀ ਜਾ ਹੋਰ ਰੇਤਾਂ ਲੈ ਕੇ ਆਉਂਦੇ ਜਾਂਦੇ ਹਨ, ਉਨ੍ਹਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਟਿੱਪਰਾਂ ਉੱਤੇ ਲੋਡ ਕੀਤੇ ਗਏ ਮਾਲ ਨੂੰ ਤਰਪਾਲ ਨਾਲ ਢੱਕ ਕੇ ਲੈ ਕੇ ਜਾਣ, ਜੇਕਰ ਭਵਿੱਖ ਵਿੱਚ ਬਿਨਾਂ ਤਰਪਾਲ ਤੋਂ ਟਿੱਪਰ ਸੜਕ ਉੱਤੇ ਪਾਇਆ ਗਿਆ ਤਾਂ ਉਸ ਦਾ ਚਲਾਨ ਕੀਤਾ ਜਾਵੇਗਾ। ਡਰਾਈਵਰ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਂਦੇ ਹਨ ਜਾਂ ਆਪਣੇ ਵਾਹਨਾਂ ਨੂੰ ਓਵਰਲੋਡ ਕਰਦੇ ਹਨ ਅਤੇ ਲੋਕਾਂ ਦੀ ਜਾਨ ਨਾਲ ਖੇਡਦੇ ਹਨ, ਉਨ੍ਹਾਂ ਨੂੰ ਆਪਣੇ ਆਪ ਨੂੰ ਸੁਧਾਰਨਾ ਚਾਹੀਦਾ ਹੈ। ਪੁਲਿਸ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।



