ਘੱਟ ਗਿਣਤੀ ਕਮਿਸ਼ਨ ਤੇ ਸ਼੍ਰੋਮਣੀ ਕਮੇਟੀ ਦਾ ਵਫ਼ਦ ਭੇਜਿਆ ਜਾਵੇ ਯੂਏਈ, ਹਰਸਿਮਰਤ ਬਾਦਲ ਨੇ ਕੇਂਦਰੀ ਵਿਦੇਸ਼ ਮੰਤਰੀ ਨੂੰ ਲਿਖੀ ਚਿੱਠੀ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 7 ਜੂਨ : ਅਕਾਲੀ ਦਲ ਦੀ ਸੰਸਦ ਮੈਂਬਰ ਤੇ ਸਾਬਕਾ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਚਿੱਠੀ ਲਿਖਕੇ ਯੂਏਈ ਵਿਚ ਸਿੱਖਾਂ ਦੇ ਕਕਾਰ ਉਤਾਰੇ ਜਾਣ ਦੇ ਮਾਮਲੇ ਵਿਚ ਦਖਲਅੰਦਾਜ਼ੀ ਦੀ ਮੰਗ ਕੀਤੀ ਹੈ। ਬਾਦਲ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਯੂਏਈ ਦੇ ਧਿਆਨ ਵਿਚ ਲਿਆਉਣਾ ਚਾਹੀਦਾ ਹੈ ਕਿ ਕਕਾਰ ਸਿੱਖਾਂ ਦੇ ਧਾਰਮਿਕ ਚਿੰਨ ਹਨ, ਇਨ੍ਹਾਂ ਨੂੰ ਖ਼ਤਰਨਾਕ ਚੀਜ਼ਾਂ ਨਾ ਮੰਨਿਆ ਜਾਵੇ। ਉਨ੍ਹਾਂ ਨੇ ਘੱਟ ਗਿਣਤੀ ਕਮਿਸ਼ਨ ਤੇ ਸ਼੍ਰੋਮਣੀ ਕਮੇਟੀ ਦਾ ਵਫਦ ਵੀ ਯੂਏਈ ਭੇਜਣ ਦੀ ਮੰਗ ਕੀਤੀ ਹੈ ਤਾਂ ਜੋ ਉਥੇ ਦੇ ਅਧਿਕਾਰੀਆਂ ਨੂੰ ਸਿੱਖ ਕਕਾਰਾਂ ਤੋਂ ਜਾਣੂ ਕਰਵਾਇਆ ਜਾ ਸਕੇ। ਬਾਦਲ ਨੇ ਵਿਦੇਸ਼ ਮੰਤਰੀ ਨੂੰ ਯੂਏਈ ਸਰਕਾਰ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਸਿੱਖ ਦੇ ਬੇਰੋਕ ਟੋਕ ਪੰਜ ਕਕਾਰ ਧਾਰਨ ਕਰ ਸਕਣ। ਉਨ੍ਹਾਂ ਕਿਹਾ ਕਿ ਯੂਏਈ ਵਿਚ ਭਾਰਤੀ ਸਫ਼ਾਰਤਖਾਨੇ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਭਾਰਤੀ ਲੋਕ ਯੂ ਏ ਈ ਦੇ ਕਾਨੂੰਨ ਦੀ ਧਾਰਾ 405 ਤਹਿਤ ਤੇਜ਼ਧਾਰ ਵਸਤਾਂ (ਸ਼੍ਰੀ ਸਾਹਿਬ) ਨਾ ਲੈ ਕੇ ਆਉਣ। ਬਾਦਲ ਨੇ ਕਿਹਾ ਕਿ ਇਸ ਐਡਵਾਈਜ਼ਰੀ ਨੇ ਸਿੱਖ ਮੁਸਾਫਰਾਂ ਅਤੇ ਯੂਏਈ ਦੇ ਵਸਨੀਕਾਂ ਨੂੰ ਨਿਰਾਸ਼ ਕੀਤਾ ਹੈ। ਉਨ੍ਹਾਂ ਨੇ ਆਬੂ ਧਾਬੀ ਵਿਚ ਇਕ ਬਜ਼ੁਰਗ ਸਿੱਖ ਨੂੰ ਕ੍ਰਿਪਾਨ ਅਤੇ ਦਸਤਾਰ ਲਾਹੁਣ ਲਈ ਮਜਬੂਰ ਕੀਤੇ ਜਾਣ ਦੀ ਘਟਨਾ ਦਾ ਵੀ ਹਵਾਲਾ ਦਿੱਤਾ। ਬਾਦਲ ਨੇ ਡਾ ਐੱਸ ਜੈਸ਼ੰਕਰ ਨੂੰ ਕੌਮੀ ਘੱਟ ਗਿਣਤੀ ਕਮਿਸ਼ਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫ਼ਦ ਯੂਏਈ ਭੇਜਣ ਦੀ ਮੰਗ ਕੀਤੀ ਹੈ ਤਾਂ ਜੋ ਵਫ਼ਦ ਉਥੇ ਦੇ ਅਧਿਕਾਰੀਆਂ ਅਤੇ ਕੌਮਾਂਤਰੀ ਏਜੰਸੀਆਂ ਨੂੰ ਸਿੱਖ ਕਕਾਰਾਂ ਬਾਰੇ ਜਾਣੂ ਕਰਵਾ ਸਕਣ। ਉਨ੍ਹਾਂ ਕਿਹਾ ਕਿ ਕ੍ਰਿਪਾਨ ਸਿੱਖ ਕੌਮ ਦੀ ਵਿਲੱਖਣ ਪਛਾਣ ਦਾ ਹਿੱਸਾ ਹੈ,ਅੰਮ੍ਰਿਤਧਾਰੀ ਸਿੱਖ ਨੂੰ ਸ੍ਰੀ ਸਾਹਿਬ (ਛੋਟੀ ਕਿਰਪਾਨ) ਪਾਉਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਇਸਦੀ ਅਧਿਆਤਮਕ ਤੇ ਪ੍ਰਤੀਕਆਤਮਕ ਪਛਾਣ ਸਿੱਖਾਂ ਨੂੰ ਜ਼ਬਰ ਤੇ ਜੁ਼ਲਮ ਖਿਲਾਫ਼ ਡਟੇ ਰਹਿਣ ਅਤੇ ਦਬੇ ਕੁਚਲੇ ਵਰਗ ਦੀ ਰਾਖੀ ਵਾਸਤੇ ਪ੍ਰੇਰਿਤ ਕਰਦੀ ਹੈ।



