ਸੰਗਰੂਰ, 3 ਜੁਲਾਈ : ਪਹਾੜਾਂ ਵਿਚ ਲਗਾਤਾਰ ਪੈ ਰਹੇ ਮੀਂਹ ਕਾਰਨ ਖਨੌਰੀ ਨੇੜਿਓਂ ਲੰਘਦੇ ਘੱਗਰ ਦਰਿਆ ਦੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਘੱਗਰ ਵਿਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਮਹਿਜ਼ ਕੁਝ ਦੂਰੀ ’ਤੇ ਹੀ ਹੈ। ਇਸ ਸਮੇਂ ਪਾਣੀ 740 ਫੁੱਟ ’ਤੇ ਚੱਲ ਰਿਹਾ ਹੈ, ਜਦਕਿ ਖਤਰੇ ਦਾ ਨਿਸ਼ਾਨ 748 ਫੁੱਟ ਹੈ। ਪਿਛਲੇ 36 ਘੰਟਿਆਂ ਵਿਚ ਪਾਣੀ ਦਾ ਪੱਧਰ ਦਸ ਫੁੱਟ ਤੱਕ ਵਧਣ ਕਾਰਨ ਇਲਾਕੇ ਦੇ ਲੋਕਾਂ ਅਤੇ ਕਿਸਾਨਾਂ ਵਿਚ ਬੇਚੈਨੀ ਵਧ ਰਹੀ ਹੈ। ਬੇਸ਼ੱਕ ਹੜ੍ਹਾਂ ਦੀ ਸੰਭਾਵਿਤ ਸਥਿਤੀ ਨਾਲ ਨਜਿੱਠਣ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਨਹਿਰੀ ਅਤੇ ਡਰੇਨੇਜ ਵਿਭਾਗ, ਸਿਵਲ ਅਤੇ ਪੁਲਿਸ ਪ੍ਰਸ਼ਾਸਨ ਤਿਆਰ ਬਰ ਤਿਆਰ ਹਨ, ਪ੍ਰੰਤੂ ਘੱਗਰ ਦੇ ਨੇੜੇ ਵਸੇ ਇਲਾਕਿਆਂ ਦੇ ਕਿਸਾਨ ਅਤੇ ਲੋਕਾਂ ਵਿਚ ਚਿੰਤਾ ਬਣੀ ਹੋਈ ਹੈ ਕਿਉਂਕਿ ਸੋਮਵਾਰ ਨੂੰ ਡੀਸੀ ਸੰਗਰੂਰ ਨੇ ਘੱਗਰ ਦਾ ਦੌਰਾ ਕੀਤਾ ਸੀ ਤਾਂ ਘੱਗਰ ਵਿਚ ਪਾਣੀ ਦਾ ਪੱਧਰ 730 ਫੁੱਟ ਸੀ, ਪ੍ਰੰਤੂ ਮੰਗਲਵਾਰ ਨੂੰ ਪਾਣੀ 636 ਅਤੇ ਬੁੱਧਵਾਰ ਨੂੰ 640 ਤੱਕ ਪਹੁੰਚ ਗਿਆ।
2023 ਵਿਚ ਮਚੀ ਤਬਾਹੀ ਨਹੀਂ ਭੁੱਲੇ ਲੋਕ
ਸਾਲ 2023 ਦੌਰਾਨ ਘੱਗਰ ਨੇ ਮੂਨਕ ਅਤੇ ਖਨੌਰੀ ਇਲਾਕੇ ਵਿਚ ਵੱਡੀ ਤਬਾਹੀ ਮਚਾਈ ਸੀ। 300 ਫੁੱਟ ਚੌੜਾ ਪਾੜ ਸਮੇਤ 56 ਜਗ੍ਹਾ ਤੋਂ ਘੱਗਰ ਦਰਿਆ ਟੁੱਟਿਆ ਸੀ, ਇਸ ਦੇ ਨਾਲ ਹੀ ਪਾਣੀ ਓਵਰਫਲੋ ਹੋਣ ਨਾਲ ਤਿੰਨ ਦਰਜਨ ਪਿੰਡਾਂ ਨੂੰ ਪਾਣੀ ਦੀ ਮਾਰ ਝੱਲਣੀ ਪਈ। ਕਈ ਦਿਨਾਂ ਤੱਕ ਦੋ ਦਰਜਨ ਪਿੰਡਾਂ ਦਾ ਆਪਸੀ ਸੰਪਰਕ ਟੁੱਟਿਆ ਰਿਹਾ। ਇਨ੍ਹਾਂ ਪਿੰਡਾਂ ਵਿਚ ਕਰੀਬ 36 ਹਜ਼ਾਰ ਏਕੜ ਤੋਂ ਜ਼ਿਆਦਾ ਰਕਬੇ ਵਿਚ ਝੋਨੇ ਦੀ ਫਸਲ, ਹਰਾ ਚਾਰਾ ਆਦਿ ਖਰਾਬ ਹੋ ਗਿਆ। ਇਲਾਕੇ ਵਿਚ ਕਿਸਾਨਾਂ ਨੂੰ ਜਿੱਥੇ ਫਸਲ ਖਰਾਬ ਹੋਣ ਨਾਲ ਦੁਬਾਰਾ ਬਿਜਾਈ ਕਰਨ ਲਈ ਮਜਬੂਰ ਹੋਣਾ ਪਿਆ, ਉਥੇ ਹੀ ਅੱਧੀ ਦਰਜਨ ਤੋਂ ਜ਼ਿਆਦਾ ਮਕਾਨਾਂ ਨੂੰ ਵੀ ਨੁਕਸਾਨ ਪੁੱਜਾ ਸੀ। ਅਜਿਹੇ ਹਾਲਾਤ ਇਸ ਵਾਰ ਨਾ ਬਣਨ, ਇਸ ਲਈ ਪ੍ਰਸ਼ਾਸਨ ਨੂੰ ਠੋਸ ਪ੍ਰਬੰਧ ਕਰਨ ਦੀ ਜ਼ਰੂਰਤ ਹੈ। ਬੇਸ਼ੱਕ ਹੁਣ ਪ੍ਰਸ਼ਾਸਨ ਵੱਲੋਂ ਸੰਭਾਵਿਤ ਹੜ੍ਹਾਂ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪ੍ਰੰਤੂ ਇਲਾਕਾ ਨਿਵਾਸੀ ਇਸ ਨਾਲ ਸੰਤੁਸ਼ਟ ਨਹੀਂ ਹਨ।
ਪ੍ਰਬੰਧਾਂ ਦੇ ਨਾਂ ’ਤੇ ਮਹਿਜ ਖਾਨਾਪੂਰਤੀ
ਅਕਾਲੀ ਆਗੂ ਅਤੇ ਸਾਬਕਾ ਚੇਅਰਮੈਨ ਗੁਰਦਜੀਪ ਸਿੰਘ, ਮਦਨ ਸਿੰਘ, ਕੇਵਲ ਸਿੰਘ ਮਕੋਰੜ, ਲਖਵਿੰਦਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਹੜਾਂ ਨਾਲ ਨਜਿੱਠਣ ਦੇ ਲਈ ਪੁਖਤਾ ਪ੍ਰਬੰਧ ਕਰਨ ਦੇ ਦਾਅਵੇ ਕਰ ਰਿਹਾ ਹੈ, ਪ੍ਰੰਤੂ ਜਿਸ ਪ੍ਰਕਾਰ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਵੱਧ ਰਿਹਾ ਹੈ। ਐਵੇ ਤਾਂ ਆਉਣ ਵਾਲੇ ਦਿਨਾਂ ਵਿਚ ਖਤਰਨਾਕ ਸਥਿਤੀ ਬਣਨ ਦੀ ਸੰਭਾਵਨਾ ਸਾਫ ਦਿਖਾਈ ਦੇ ਰਹੀ ਹੈ। ਘੱਗਰ ਦਰਿਆ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਅਤੇ ਘੱਗਰ ਦਾ ਪੱਕਾ ਪ੍ਰਬੰਧ ਕਰਨ ਵੱਲ ਪੰਜਾਬ ਸਰਕਾਰ ਗੰਭੀਰਤਾ ਨਹੀਂ ਦਿਖਾ ਰਹੀ ਹੈ। ਮਕੋਰੜ ਸਾਹਿਬ ਤੋਂ ਅੱਗੇ ਘੱਗਰ ਦੀ ਸਥਿਤੀ ਬੇਹੱਦ ਖਰਾਬ ਹੈ, ਜਿਸ ਨਾਲ ਇੱਥੇ ਪਾਣੀ ਦਾ ਪੱਧਰ ਵਧਣ ਨਾਲ ਹੜ੍ਹਾਂ ਵਾਲੀ ਸਥਿਤੀ ਬਣ ਜਾਂਦੀ ਹੈ। ਮਨਰੇਗਾ ਮਜ਼ਦੂਰਾਂ ਨੂੰ ਥੈਲੇ ਭਰਨ ’ਤੇ ਲਾਇਆ ਹੋਇਆ ਹੈ, ਪ੍ਰੰਤੂ ਇਹ ਬਜ਼ੁਰਗ ਹੜ੍ਹਾਂ ਨਾਲ ਨਜਿੱਠਣ ਵਿਚ ਪੂਰੀ ਤਰ੍ਹਾਂ ਨਾਕਾਮ ਹਨ। ਸਾਲ 2023 ਵਿਚ ਵੀ ਪ੍ਰਬੰਧਾਂ ਦੀ ਘਾਟ ਕਾਰਨ ਸਥਿਤੀ ਵਿਗੜ ਗਈ ਸੀ। ਇਸ ਵਾਰ ਵੀ ਲੋਕਾਂ ਦੀ ਜਾਨ ਮਾਲ ਦੀ ਰਾਖੀ ਰੱਬ ਆਸਰੇ ਹੀ ਹੈ। ਸਾਲ 1993, 1998, 2009, 2023 ਵਿਚ ਹੜਾਂ ਦੀ ਮਾਰ ਇਲਾਕੇ ਦੇ ਲੋਕਾਂ ਨੂੰ ਝੱਲਣੀ ਪਈ।
2009 ਵਿਚ ਖਨੌਰੀ ਤੋਂ ਮਕੋਰੜ ਸਾਹਿਬ ਤੱਕ ਘੱਗਰ ਹੋਇਆ ਚੌੜਾ
ਸਾਲ 2009 ਵਿਚ ਖਨੌਰੀ ਤੋਂ ਮਕੋਰੜ ਸਾਹਿਬ ਤੱਕ 22 ਕਿਲੋਮੀਟਰ ਤੱਕ ਦੇ ਦਰਿਆ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਕੇ ਚੌੜਾ ਕਰ ਦਿੱਤਾ ਗਿਆ ਸੀ। ਮਕੋਰੜ ਸਾਹਿਬ ਤੋਂ ਲੈ ਕੇ ਕੜੈਲ ਤੱਕ ਕਰੀਬ 16 ਕਿਲੋਮੀਟਰ ਦੇ ਇਲਾਕੇ ਵਿਚ ਦਰਿਆ ਦੇ ਕਿਨਾਰੇ ਕੱਚੇ ਅਤੇ ਬੇਹੱਦ ਤੰਗ ਹਨ। ਕੱਚੇ ਕਿਨਾਰਿਆਂ ਦੇ ਡਿੱਗਣ ਦਾ ਖਤਰਾ ਹਰ ਸਮੇਂ ਬਣਿਆ ਰਹਿੰਦਾ ਹੈ। ਇੱਥੇ ਵੀ ਅਕਸਰ ਘੱਗਰ ਓਵਰਫਲੋ ਹੋਣ ਜਾਂ ਪਾੜ ਪੈ ਜਾਂਦਾ ਹੈ। ਇਸ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਪਿੰਡ ਬਨਾਰਸੀ, ਬੋਪੁਰ, ਅਨਦਾਣਾ, ਸ਼ਾਹਪੁਰ ਥੇੜੀ, ਚਾਂਦੂ, ਮੰਡਵੀ, ਮਕਰੋੜ, ਨਵਾਂਗਾਂਓ, ਹੋਤੀਪੁਰ ਸਮੇਤ ਤਿੰਨ ਦਰਜਨ ਪਿੰਡ ਹੜਾਂ ਨਾਲ ਪ੍ਰਭਾਵਿਤ ਹੁੰਦੇ ਹਨ।
50 ਹਜ਼ਾਰ ਥੈਲੈ ਤਿਆਰ, ਕੰਟਰੋਲ ਰੂਮ ਸਥਾਪਤ
ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਘੱਗਰ ਦਰਿਆ ਵਿਚ ਬੇਸ਼ੱਕ ਪਿੱਛੋ ਪਾਣੀ ਆਉਣ ਕਾਰਨ ਪਾਣੀ ਦਾ ਪੱਧਰ ਵਧ ਰਿਹਾ ਹੈ, ਪ੍ਰੰਤੂ ਖਤਰੇ ਦੇ ਨਿਸ਼ਾਨ ਤੋਂ ਪਾਣੀ ਕਾਫੀ ਘੱਟ ਹੈ। ਹਰ ਸਥਿਤੀ ਨਾਲ ਨਜਿੱਠਣ ਦੇ ਲਈ ਪ੍ਰਸ਼ਾਸਨ ਅਤੇ ਸੰਬੰਧਤ ਵਿਭਾਗ ਪੂਰੀ ਤਰ੍ਹਾਂ ਤਿਆਰ ਹਨ। 50 ਹਜਾਰ ਮਿੱਟੀ ਦੇ ਥੈਲੇ ਤਿਆਰ ਕਰ ਲਏ ਗਏ ਹਨ। ਹੋਰ ਮਿੱਟੀ ਅਤੇ ਥੈਲਿਆਂ ਦਾ ਪ੍ਰਬੰਧ ਕਰ ਲਿਆ ਗਿਆ ਹੈ, ਤਾ ਜੋ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਿਆ ਜਾ ਸਕੇ। ਲਗਾਤਾਰ ਪਾਣੀ ਦੇ ਵਧ ਰਹੇ ਪੱਧਰ ਤੇ ਨਜ਼ਰ ਰੱਖੀ ਜਾ ਰਹੀ ਹੈ। ਲੋਕਾਂ ਦੀ ਸਹੂਲਤ ਲਈ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਜਿਸਤੋਂ ਲੋਕਾਂ ਨੂੰ ਪੂਰੀ ਜਾਣਕਾਰੀ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਸਥਿਤੀ ਪੂਰੀ ਤਰ੍ਹਾਂ ਕਾਬੂ ਵਿਚ ਹੈ। ਖਨੌਰੀ, ਮੂਨਕ ਇਲਾਕਿਆਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਪ੍ਰਕਾਰ ਦੀਆਂ ਅਫਵਾਹਾਂ ਤੇ ਗੌਰ ਨਾ ਕਰਨ।
URL Copied