
ਨਵੀਂ ਦਿੱਲੀ, 31 ਮਾਰਚ-ਦਿੱਲੀ ਦੇ ਪੂਰਬੀ ਪੰਜਾਬੀ ਬਾਗ ਇਲਾਕੇ ਵਿੱਚ ਕਿਰਾਏ ਦੇ ਮਕਾਨ ਵਿੱਚ ਅੱਗ ਲੱਗਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ। ਮ੍ਰਿਤਕ ਬੱਚਿਆਂ ਦੀ ਪਛਾਣ ਆਕਾਸ਼ (7) ਤੇ ਸਾਕਸ਼ੀ (14) ਵਜੋਂ ਹੋਈ ਹੈ। ਪੁਲਿਸ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਪੁਲਿਸ ਅਨੁਸਾਰ ਇਹ ਘਟਨਾ ਪੂਰਬੀ ਪੰਜਾਬੀ ਬਾਗ ਦੇ ਮਨੋਹਰ ਪਾਰਕ ਇਲਾਕੇ ਵਿੱਚ ਐਤਵਾਰ ਰਾਤ ਕਰੀਬ 8.20 ਵਜੇ ਵਾਪਰੀ। ਦੱਸਿਆ ਗਿਆ ਕਿ 30 ਮਾਰਚ ਨੂੰ ਰਾਤ 8:20 ਵਜੇ ਕਰੀਬ ਪੰਜਾਬੀ ਬਾਗ ਥਾਣੇ ਵਿੱਚ ਇੱਕ ਪੀਸੀਆਰ ਕਾਲ ਆਈ ਜਿਸ ਵਿੱਚ ਇੱਕ ਘਰ ਵਿੱਚ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ।
ਮਾਂ ਤੇ 11 ਸਾਲ ਦੀ ਬੇਟੀ ਦੀ ਬਚਾਈ ਜਾਨ
ਦਿੱਲੀ ਪੁਲਿਸ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸਵਿਤਾ (34) ਨਾਂ ਦੀ ਔਰਤ ਰਸੋਈ ਵਿੱਚ ਖਾਣਾ ਬਣਾ ਰਹੀ ਸੀ ਤੇ ਅਚਾਨਕ ਨੇੜੇ ਰੱਖੇ ਕੱਪੜੇ ਨੂੰ ਅੱਗ ਲੱਗ ਗਈ, ਜਿਸ ਨਾਲ ਉਸ ਦੇ ਬੇਟੇ ਆਕਾਸ਼ (7) ਤੇ ਬੇਟੀ ਸਾਕਸ਼ੀ (14) ਕਮਰੇ ਵਿੱਚ ਫਸ ਗਏ, ਜਦਕਿ ਸਵਿਤਾ ਤੇ ਉਸ ਦੀ 11 ਸਾਲਾ ਬੇਟੀ ਮੀਨਾਕਸ਼ੀ ਕਿਸੇ ਤਰ੍ਹਾਂ ਬਚ ਨਿਕਲਣ ਵਿੱਚ ਕਾਮਯਾਬ ਹੋ ਗਈਆਂ।
ਡਾਕਟਰਾਂ ਨੇ ਦੋਵਾਂ ਨੂੰ ਦਿੱਤਾ ਮ੍ਰਿਤਕ ਐਲਾਨ
ਸਵਿਤਾ ਨੇ ਮਦਦ ਲਈ ਮਕਾਨ ਮਾਲਕ ਦਾ ਲੜਕਾ ਤੇ ਹੋਰ ਕਿਰਾਏਦਾਰ ਮਦਦ ਲਈ ਦੌੜੇ ਤੇ ਫਸੇ ਦੋ ਬੱਚਿਆਂ ਨੂੰ ਬਾਹਰ ਕੱਢਿਆ। ਉਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਆਕਾਸ਼ ਤੇ ਸਾਕਸ਼ੀ ਦੋਵਾਂ ਨੇ ਹੀ ਦਮ ਤੋੜ ਦਿੱਤਾ। ਉਨ੍ਹਾਂ ਨੂੰ ਮੋਤੀ ਨਗਰ ਦੇ ਅਚਾਰੀਆ ਭਿਖਸ਼ੂ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ 100 ਫੀਸਦੀ ਸੜ ਜਾਣ ਕਾਰਨ ਮ੍ਰਿਤਕ ਐਲਾਨ ਕਰ ਦਿੱਤਾ।



