
ਜਲੰਧਰ, 2 ਮਈ-ਕਮਿਸ਼ਨਰੇਟ ਪੁਲਿਸ ਦੇ ਅਧਿਕਾਰੀ ਘਟਨਾ ਵਾਲੀ ਥਾਂ ਤੇ ਪੁੱਜੇ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ ਜਲੰਧਰ : ਥਾਣਾ ਨੰਬਰ ਛੇ ਦੀ ਹੱਦ ’ਚ ਪੈਂਦੇ ਮੋਤਾ ਸਿੰਘ ਨਗਰ ’ਚ ਵੀਰਵਾਰ ਨੂੰ ਭਾਜਪਾ ਆਗੂ ਅਸ਼ੋਕ ਸਰੀਨ ਦੀ ਰਿਸ਼ਤੇ ’ਚ ਲੱਗਦੀ ਤਾਈ ਦਾ ਕਤਲ ਕਰ ਕੇ ਗਹਿਣੇ ਤੇ ਮੋਬਾਈਲ ਲੁੱਟ ਕੇ ਲੈ ਗਏ। ਇਹ ਘਟਨਾ ਦੁਪਹਿਰ 12 ਵਜੇ ਤੋਂ 2 ਵਜੇ ਦੇ ਵਿਚਕਾਰ ਵਾਪਰੀ। ਰਾਤ 8:00 ਵਜੇ ਤੱਕ ਪਰਿਵਾਰ ਇਹੀ ਸੋਚਦਾ ਰਿਹਾ ਕਿ ਮੌਤ ਕੁਦਰਤੀ ਹੈ। ਇਸ ਦੌਰਾਨ ਗੁਆਂਢੀ ਔਰਤਾਂ ਦੇ ਕਹਿਣ ’ਤੇ ਜਦੋਂ ਘਰ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਸੋਨੇ ਦੇ ਗਹਿਣੇ ਤੇ ਮੋਬਾਈਲ ਫੋਨ ਗਾਇਬ ਸਨ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਭਾਜਪਾ ਆਗੂ ਅਸ਼ੋਕ ਸਰੀਨ ਹਿੱਕੀ ਨੇ ਦੱਸਿਆ ਕਿ ਉਨ੍ਹਾਂ ਦੇ ਤਾਇਆ ਭੀਮਸੇਨ ਦੁੱਗਲ ਸੇਵਾਮੁਕਤ ਅਕਆਊਂਟੈਂਟ ਹਨ ਤੇ ਮੰਡੀ ’ਚ ਕੰਮ ਕਰਦੇ ਸਨ। ਉਨ੍ਹਾਂ ਦੀ ਪਤਨੀ ਬਿਮਾਰ ਰਹਿੰਦੀ ਸੀ। ਉਨ੍ਹਾਂ ਦੇ ਦੋ ਪੁੱਤਰ ਹਨ ਜਿਹੜੇ ਆਸਟ੍ਰੇਲੀਆ ’ਚ ਰਹਿੰਦੇ ਹਨ। ਉਹ ਆਪਣੀ ਪਤਨੀ ਨਾਲ ਮੋਤਾ ਸਿੰਘ ਨਗਰ ਦੇ ਕੋਠੀ ਨੰਬਰ 325 ’ਚ ਰਹਿੰਦੇ ਹਨ। ਸ਼ੁੱਕਰਵਾਰ ਨੂੰ ਉਨ੍ਹਾਂ ਦੇ ਪੋਤੇ ਦਾ ਜਨਮਦਿਨ ਹੈ। ਉਹ ਹਵਨ ਨਾਲ ਸਬੰਧਤ ਸਾਮਾਨ ਖ਼ਰੀਦਣ ਲਈ ਬਾਜ਼ਾਰ ਗਏ ਸਨ। ਪਿੱਛੇ ਉਨ੍ਹਾਂ ਦੀ ਪਤਨੀ ਘਰ ਇਕੱਲੀ ਸੀ। ਦੁਪਹਿਰ ਕਰੀਬ ਦੋ ਵਜੇ ਜਦੋਂ ਘਰ ਪਰਤੇ ਤਾਂ ਕੋਠੀ ਦਾ ਬਾਹਰ ਵਾਲਾ ਦਰਵਾਜ਼ਾ ਬੰਦ ਸੀ। ਖੜਕਾਉਣ ’ਤੇ ਅੰਦਰੋਂ ਕਿਸੇ ਨੇ ਦਰਵਾਜ਼ਾ ਨਾ ਖੋਲਿ੍ਹਿਆ। ਉਨ੍ਹਾਂ ਗੁਆਂਢੀਆਂ ਦੀ ਮਦਦ ਨਾਲ ਬਾਹਰ ਵਾਲਾ ਦਰਵਾਜ਼ਾ ਖੁੱਲ੍ਹਵਾਇਆ। ਅੰਦਰ ਜਾ ਕੇ ਦੇਖਿਆ ਤਾਂ ਪਤਨੀ ਘਰ ਦੇ ਉਸ ਕਮਰੇ ’ਚ ਨੀਮ ਬੇਹੋਸ਼ ਪਈ ਸੀ, ਜਿਸ ਨੂੰ ਉਹ ਵਰਤਦੇ ਨਹੀਂ। ਡਾਕਟਰ ਨੂੰ ਸੱਦਿਆ ਗਿਆ ਤਾਂ ਡਾਕਟਰ ਨੇ ਦੱਸਿਆ ਉਨ੍ਹਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਰਿਸ਼ਤੇਦਾਰਾਂ ਨੂੰ ਸੂਚਨਾ ਦੇ ਦਿੱਤੀ। ਰਿਸ਼ਤੇਦਾਰ ਆ ਗਏ। ਰਾਤ ਕਰੀਬ ਅੱਠ ਵਜੇ ਉਨ੍ਹਾਂ ਦੀ ਇਕ ਰਿਸ਼ਤੇਦਾਰ ਨੇ ਪਤਨੀ ਦੇ ਸਰੀਰ ਦੇ ਗਹਿਣੇ ਆਦਿ ਚੈੱਕ ਕਰਨ ਲਈ ਕਿਹਾ। ਦੇਖਣ ’ਤੇ ਪਤਾ ਲੱਗਿਆ ਕਿ ਉਨ੍ਹਾਂ ਦੇ ਦੋਵੇਂ ਬਰੇਸਲੇਟ, ਤਿੰਨ ਅੰਗੂਠੀਆਂ ਤੇ ਇਕ ਮੋਬਾਈਲ ਫੋਨ ਗਾਇਬ ਸੀ। ਹੱਥਾਂ ’ਤੇ ਸੱਟਾਂ ਦੇ ਨਿਸ਼ਾਨ ਸਨ ਤੇ ਸਰੀਰ ਕੂਹਣੀਆਂ ਤੋਂ ਹੱਥਾਂ ਤੱਕ ਨੀਲਾ ਸੀ। ਇਸ ਤੋਂ ਬਾਅਦ ਉਨ੍ਹਾਂ ਪੁਲਿਸ ਕੰਟਰੋਲ ਰੂਮ ਨੂੰ ਜਾਣਕਾਰੀ ਦਿੱਤੀ ਗਈ। ਸੂਚਨਾ ਮਿਲਣ ’ਤੇ ਥਾਣਾ 6 ਦੇ ਇੰਚਾਰਜ ਸਬ ਇੰਸਪੈਕਟਰ ਭੂਸ਼ਣ ਕੁਮਾਰ ਮੌਕੇ ’ਤੇ ਪੁੱਜ ਗਏ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਤੇ ਕੁਝ ਹੀ ਸਮੇਂ ’ਚ ਏਡੀਸੀਪੀ ਹੈੱਡ ਕੁਆਰਟਰ ਸੁਖਵਿੰਦਰ ਸਿੰਘ, ਏਸੀਪੀ ਮਾਡਲ ਟਾਊਨ ਰੂਪਦੀਪ ਕੌਰ ਡੌਗ ਸਕੁਐਡ ਤੇ ਫਿੰਗਰਪ੍ਰਿੰਟ ਮਾਹਿਰ ਟੀਮ ਨਾਲ ਮੌਕੇ ’ਤੇ ਪੁੱਜ ਗਏ। ਏਡੀਸੀਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲੁੱਟ ਜ਼ਰੂਰ ਹੋਈ ਹੈ ਪਰ ਕਤਲ ਦਾ ਕਾਰਨ ਅਜੇ ਪਤਾ ਨਹੀਂ ਲੱਗਿਆ। ਫਿਲਹਾਲ ਪੁਲਿਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ। ਪੁਲਿਸ ਸੀਸੀਟੀਵੀ ਫੁਟੇਜ ਵੀ ਖੰਘਾਲ ਰਹੀ ਹੈ।



