
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 26 ਦਸੰਬਰ : ਆਈਟੀ ਪਾਰਕ ਥਾਣਾ ਖੇਤਰ ਅਧੀਨ ਪਿੰਡ ਕਿਸ਼ਨਗੜ੍ਹ ਵਿਚ ਇਕ 23 ਸਾਲਾ ਮੁਟਿਆਰ ਨੇ ਉਸ ਸਮੇਂ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ, ਜਦੋਂ ਉਸ ਦੇ ਮਾਪੇ ਅਤੇ ਭਰਾ ਉਸ ਲਈ ਰਿਸ਼ਤਾ ਵੇਖਣ ਯੀਪੀ ਦੇ ਉਨਾਓ ਜ਼ਿਲ੍ਹੇ ਗਏ ਹੋਏ ਸਨ। ਇਸ ਘਟਨਾ ਦਾ ਖੁਲਾਸਾ ਵੀਰਵਾਰ ਸਵੇਰੇ ਉਸ ਸਮੇਂ ਹੋਇਆ, ਜਦੋਂ ਗੁਆਂਢੀਆਂ ਨੂੰ ਸ਼ੱਕ ਹੋਇਆ ਕਿ ਲੜਕੀ ਇੱਕ-ਦੋ ਦਿਨਾਂ ਤੋਂ ਘਰ ਤੋਂ ਬਾਹਰ ਨਹੀਂ ਨਿਕਲੀ। ਜਾਣਕਾਰੀ ਮੁਤਾਬਕ, ਪਿੰਡ ਕਿਸ਼ਨਗੜ੍ਹ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੀ ਸਾਵਿਤਰੀ ਆਪਣੇ ਮਾਤਾ-ਪਿਤਾ ਅਤੇ ਭਰਾ ਨਾਲ ਰਹਿੰਦੀ ਸੀ। ਸਾਵਿਤਰੀ ਸੈਕਟਰ-21 ਵਿੱਚ ਸਥਿਤ ਇੱਕ ਕੋਠੀ ਵਿੱਚ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਕੰਮ ਕਰਦੀ ਸੀ। ਇਸ ਤੋਂ ਪਹਿਲਾਂ ਉਹ ਸੈਕਟਰ-19 ਵਿੱਚ ਵੀ ਕੰਮ ਕਰ ਚੁੱਕੀ ਸੀ। ਪਰਿਵਾਰ ਦੀ ਆਰਥਿਕ ਹਾਲਤ ਸਧਾਰਣ ਸੀ। ਉਸ ਦਾ ਪਿਤਾ ਕਦੇ-ਕਦੇ ਕੰਮ ਕਰਦਾ ਸੀ, ਜਦਕਿ ਮਾਂ ਇੱਕ ਢਾਬੇ ਵਿੱਚ ਕੰਮ ਕਰਦੀ ਸੀ ਅਤੇ ਭਰਾ ਨਿੱਜੀ ਕੰਪਨੀ ਵਿੱਚ ਨੌਕਰੀ ਕਰਦਾ ਹੈ। ਕੁਝ ਦਿਨ ਪਹਿਲਾਂ ਹੀ ਸਾਵਿਤਰੀ ਦੇ ਮਾਤਾ-ਪਿਤਾ ਅਤੇ ਭਰਾ ਉਸ ਦੇ ਵਿਆਹ ਲਈ ਰਿਸ਼ਤਾ ਵੇਖਣ ਆਪਣੇ ਮੂਲ ਪਿੰਡ ਉੱਤਰ ਪ੍ਰਦੇਸ਼ ਦੇ ਉਨਾਓ ਜ਼ਿਲ੍ਹੇ ਗਏ ਹੋਏ ਸਨ। ਇਸ ਦੌਰਾਨ ਸਾਵਿਤਰੀ ਘਰ ਵਿੱਚ ਇਕੱਲੀ ਰਹਿ ਰਹੀ ਸੀ। ਗੁਆਂਢੀਆਂ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਉਹ ਆਪਣੇ ਕਮਰੇ ਤੋਂ ਬਾਹਰ ਨਹੀਂ ਨਿਕਲੀ ਸੀ। ਕਿਉਂਕਿ ਮਕਾਨ ਵਿੱਚ ਕਮਰੇ ਇਕ-ਦੂਜੇ ਦੇ ਨੇੜੇ ਬਣੇ ਹੋਏ ਹਨ, ਇਸ ਲਈ ਲੋਕਾਂ ਨੂੰ ਸ਼ੱਕ ਹੋਇਆ। ਗੁਆਂਢੀਆਂ ਨੇ ਕਈ ਵਾਰ ਸਾਵਿਤਰੀ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ, ਪਰ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਆਈਟੀ ਪਾਰਕ ਥਾਣਾ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਦਾ ਦ੍ਰਿਸ਼ ਦੇਖ ਕੇ ਸਭ ਹੈਰਾਨ ਰਹਿ ਗਏ। ਪੁਲਿਸ ਨੂੰ ਸਾਵਿਤਰੀ ਕਮਰੇ ਵਿੱਚ ਪੱਖੇ ਨਾਲ ਚੁੰਨੀ ਦੇ ਸਹਾਰੇ ਫਾਹੇ ‘ਤੇ ਲਟਕਦੀ ਹੋਈ ਮਿਲੀ। ਤੁਰੰਤ ਉਸ ਨੂੰ ਹੇਠਾਂ ਉਤਾਰ ਕੇ ਸੈਕਟਰ-32 ਸਥਿਤ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਿਸ ਨੇ ਮੌਕੇ ‘ਤੇ ਫੋਰੈਂਸਿਕ ਜਾਂਚ ਵੀ ਕਰਵਾਈ ਪਰ ਕਮਰੇ ਵਿੱਚੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਖੁਦਕੁਸ਼ੀ ਦੇ ਕਾਰਨਾਂ ਬਾਰੇ ਫਿਲਹਾਲ ਕੋਈ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਹੀ ਸਥਿਤੀ ਸਪਸ਼ਟ ਹੋ ਸਕੇਗੀ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸੈਕਟਰ-32 ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾ ਦਿੱਤਾ ਹੈ। ਪਰਿਵਾਰ ਦੇ ਚੰਡੀਗੜ੍ਹ ਪਹੁੰਚਣ ਤੋਂ ਬਾਅਦ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਲਾਸ਼ ਉਨ੍ਹਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਆਈਟੀ ਪਾਰਕ ਥਾਣਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।



