Punjab

ਘਰ ’ਚੋਂ 20 ਤੋਲੇ ਸੋਨਾ ਅਤੇ 50 ਹਜ਼ਾਰ ਦੀ ਨਕਦੀ ਚੋਰੀ

ਬਠਿੰਡਾ, 20 ਜੂਨ : ਸਥਾਨਕ ਸ਼ਹਿਰ ’ਚ ਵੀਰਵਾਰ ਦੇਰ ਰਾਤ ਨੂੰ ਅਣਪਛਾਤੇ ਵਿਅਕਤੀਆਂ ਨੇ ਮਾਡਲ ਟਾਊਨ ਫੇਜ਼ ਵਨ ਵਿਚ ਐੱਲਆਈਜੀ ਘਰ ਵਿਚ ਦਾਖਲ ਹੋ ਕੇ 20 ਤੋਲੇ ਸੋਨਾ ਅਤੇ ਲਗਭਗ 50 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਇਸ ਮਾਮਲੇ ਵਿਚ ਥਾਣਾ ਸਿਵਲ ਲਾਈਨ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਤਕ ਚੋਰਾਂ ਸਬੰਧੀ ਕੋਈ ਖੁਲਾਸਾ ਨਹੀਂ ਹੋਇਆ ਹੈ। ਮਾਡਲ ਟਾਊਨ ਫੇਜ਼ ਵਨ ਸਥਿਤ ਐਲਆਈਜੀ ਫਲੈਟ ਵਿਚ ਰਹਿਣ ਵਾਲੇ ਸੁਨੀਲ ਕੁਮਾਰ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੀ ਭਤੀਜੀ ਦਾ ਕੁਝ ਸਮਾਂ ਪਹਿਲਾਂ ਵਿਆਹ ਹੋਇਆ ਸੀ। ਵਿਆਹ ਕਾਰਨ ਘਰ ਵਿਚ 20 ਤੋਲੇ ਸੋਨਾ ਰੱਖਿਆ ਗਿਆ ਸੀ। ਘਰ ਵਿਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ, ਇਸ ਲਈ ਘਰ ਵਿਚ ਨਕਦੀ ਵੀ ਰੱਖੀ ਗਈ ਸੀ। ਵੀਰਵਾਰ ਦੇਰ ਰਾਤ ਲਗਭਗ 12 ਵਜੇ ਘਰ ਦੇ ਕਮਰਿਆਂ ਦੀਆਂ ਲਾਈਟਾਂ ਜਗ ਰਹੀਆਂ ਸਨ। ਲਾਈਟਾਂ ਜਗਦੀਆਂ ਦੇਖ ਕੇ ਸੁਨੀਲ ਕੁਮਾਰ ਗੁਪਤਾ ਦੀ ਮਾਂ ਉੱਠੀ ਅਤੇ ਲਾਈਟਾਂ ਬੰਦ ਕਰ ਦਿੱਤੀਆਂ ਪਰ ਜਦੋਂ ਰਾਤ ਲਗਭਗ 2 ਵਜੇ ਘਰ ਦੇ ਮੈਂਬਰ ਦੁਬਾਰਾ ਜਾਗੇ ਤਾਂ ਕਮਰਿਆਂ ਵਿਚ ਲਾਈਟਾਂ ਜਗਣ ਕਾਰਨ ਕਮਰੇ ਵਿਚ ਰੱਖਿਆ ਸਾਮਾਨ ਖਿਲਰਿਆ ਹੋਇਆ ਦਿਖਿਆ ਅਤੇ ਉੱਥੇ ਰੱਖਿਆ ਇਕ ਪਰਸ ਗਾਇਬ ਸੀ। ਪਰਸ ਵਿਚ 20 ਤੋਲੇ ਗਹਿਣੇ ਅਤੇ 50 ਹਜ਼ਾਰ ਰੁਪਏ ਨਕਦ ਸਨ। ਇਸ ਤੋਂ ਬਾਅਦ ਪਰਿਵਾਰ ਨੇ ਪੀਸੀਆਰ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਪੁਲਿਸ ਟੀਮਾਂ ਮੌਕੇ ਤੇ ਪਹੁੰਚੀਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ। ਸ਼ੁੱਕਰਵਾਰ ਸਵੇਰੇ ਪੁਲਿਸ ਦੀਆਂ ਫੈਰੋਸਿੰਕ ਟੀਮਾਂ ਨੇ ਮੌਕੇ ਤੋਂ ਫਿੰਗਰ ਪ੍ਰਿੰਟ ਦੇ ਨਮੂਨੇ ਵੀ ਲਏ। ਪੀੜਤ ਨੇ ਦੱਸਿਆ ਕਿ ਘਰ ਵਿਚ ਚੱਲ ਰਹੇ ਨਵੀਨੀਕਰਨ ਦੇ ਕੰਮ ਕਾਰਨ ਬਹੁਤ ਸਾਰਾ ਕਬਾੜ ਇਕੱਠਾ ਹੋ ਗਿਆ ਸੀ। ਇਸ ਕਾਰਨ ਦੁਪਹਿਰ ਨੂੰ ਕਬਾੜ ਖਰੀਦਣ ਵਾਲੇ ਅੱਧਾ ਦਰਜ਼ਨ ਦੇ ਕਰੀਬ ਨੌਜਵਾਨ ਘਰ ਆਏ ਸਨ, ਜਿਨ੍ਹਾਂ ਨੂੰ ਉਸਨੇ ਘਰ ਦੇ ਵੱਖ-ਵੱਖ ਹਿੱਸਿਆਂ ਵਿਚ ਰੱਖਿਆ ਕਬਾੜ ਚੁੱਕਵਾਇਆ ਸੀ। ਉਨ੍ਹਾਂ ਸ਼ੱਕ ਜਤਾਇਆ ਕਿ ਇਹ ਸੰਭਵ ਹੈ ਕਿ ਉਪਰੋਕਤ ਲੋਕਾਂ ਨੇ ਘਰ ਦੀ ਰੇਕੀ ਕੀਤੀ ਹੋਵੇ ਅਤੇ ਮੌਕਾ ਦੇਖ ਕੇ ਘਰ ਵਿਚ ਦਾਖ਼ਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੋਵੇ। ਥਾਣਾ ਸਿਵਲ ਲਾਈਨ ਦੇ ਐਸਐਚਓ ਹਰਜੋਤ ਸਿੰਘ ਨੇ ਕਿਹਾ ਕਿ ਮਾਡਲ ਟਾਊਨ ਅਤੇ ਨੇੜਲੇ ਇਲਾਕਿਆਂ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button